ਯੂ.ਕੇ. 'ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ
ਏਬੀਪੀ ਸਾਂਝਾ | 17 Jun 2018 11:51 AM (IST)
ਲੰਡਨ: ਬ੍ਰਿਟੇਨ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ’ਚ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਬਣਾਈ ਨਵੀਂ ਸੂਚੀ ’ਚੋਂ ਭਾਰਤੀ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸਰਕਾਰ ਦੇ ਇਸ ਫ਼ੈਸਲੇ ਨਾਲ ਭਾਰਤੀ ਵਿਦਿਆਰਥੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਬ੍ਰਿਟੇਨ ਦੀ ਨਵੀਂ ਇਮੀਗ੍ਰੇਸ਼ਨ ਨੀਤੀ ’ਚ ਬਦਲਾਅ ਨੂੰ ਸੰਸਦ ’ਚ ਪੇਸ਼ ਕੀਤਾ ਗਿਆ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਕਰੀਬੀ 25 ਮੁਲਕਾਂ ਦੇ ਵਿਦਿਆਰਥੀਆਂ ਲਈ ਟਿਅਰ-4 ਵੀਜ਼ਾ ਵਰਗ ’ਚ ਢਿੱਲ ਦਾ ਐਲਾਨ ਕੀਤਾ ਹੈ। ਇਸ ਸੂਚੀ ’ਚ ਅਮਰੀਕਾ, ਕੈਨੇਡਾ ਤੇ ਨਿਊਜ਼ੀਲੈਂਡ ਵਰਗੇ ਮੁਲਕ ਪਹਿਲਾਂ ਤੋਂ ਹੀ ਸ਼ਾਮਲ ਸਨ। ਹੁਣ ਚੀਨ, ਬਹਿਰੀਨ ਤੇ ਸਰਬੀਆ ਨੂੰ ਇਸ ’ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਮੁਲਕਾਂ ਦੇ ਵਿਦਿਆਰਥੀਆਂ ਨੂੰ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ’ਚ ਦਾਖ਼ਲੇ ਲਈ ਸਿੱਖਿਆ, ਵਿੱਤ ਤੇ ਅੰਗਰੇਜ਼ੀ ਭਾਸ਼ਾ ਜਿਹੇ ਮਾਪਦੰਡਾਂ ’ਚੋਂ ਗੁਜ਼ਰਨਾ ਪਏਗਾ। ਇਹ ਬਦਲਾਅ 6 ਜੁਲਾਈ ਤੋਂ ਲਾਗੂ ਹੋਣਗੇ। ਉਧਰ ਯੂਕੇ ਸਰਕਾਰ ਨੇ ਸੰਸਦ ’ਚ ਇਮੀਗ੍ਰੇਸ਼ਨ ਨੀਤੀ ’ਚ ਬਦਲਾਅ ਦੀ ਤਜਵੀਜ਼ ਰੱਖੀ ਹੈ। ਇਸ ਤਹਿਤ ਭਾਰਤ ਵਰਗੇ ਮੁਲਕਾਂ ਤੋਂ ਮਾਹਿਰਾਂ ਨੂੰ ਮਿਲਦੇ ਸਖ਼ਤ ਵੀਜ਼ਾ ਕੋਟੇ ’ਤੇ ਨਜ਼ਰਸਾਨੀ ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਆਜ਼ਾਦ ਮਾਈਗਰੇਸ਼ਨ ਸਲਾਹਕਾਰ ਕਮੇਟੀ ਨੂੰ ਨਜ਼ਰਸਾਨੀ ਕਰਨ ਬਾਰੇ ਆਖੇਗੀ।