Salary without work: ਕੀ ਤੁਸੀਂ ਬੇਰੁਜ਼ਗਾਰ ਹੋ? ਤੁਹਾਨੂੰ ਕੰਮ ਕਰਨਾ ਵੀ ਪਸੰਦ ਨਹੀਂ ਹੈ? ਤਾਂ ਫਿਰ ਇਹ ਨੌਕਰੀ ਤੁਹਾਡੇ ਲਈ ਸਭ ਤੋਂ ਵਧੀਆ ਹੈ। ਹੋ ਗਏ ਹੈਰਾਨ? ਤਨਖਾਹ ਵੀ ਕਾਫ਼ੀ ਚੰਗੀ ਹੈ। ਜੀ ਹਾਂ, ਜਾਪਾਨ ਦੇ ਸ਼ੋਜੀ ਮੋਰੀਮੋਟੋ ਨੂੰ ਕੁਝ ਨਾ ਕਰਨ ਲਈ ਉਨ੍ਹਾਂ ਦੀ ਕੰਪਨੀ ਮੋਟੀ ਰਕਮ ਅਦਾ ਕਰਦੀ ਹੈ। ਉਨ੍ਹਾਂ ਦਾ ਕੰਮ ਸਿਰਫ਼ ਗਾਹਕ ਨਾਲ ਸਮਾਂ ਬਿਤਾਉਣਾ ਹੈ। ਹਰ ਮੀਟਿੰਗ ਲਈ ਉਨ੍ਹਾਂ ਨੂੰ 10,000 ਯੇਨ ਮਤਲਬ 71 ਡਾਲਰ ਮਿਲਦੇ ਹਨ।
ਟੋਕੀਓ 'ਚ ਰਹਿਣ ਵਾਲੇ ਮੋਰੀਮੋਟੋ ਨੇ ਰਾਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ, "ਅਸਲ 'ਚ ਮੈਂ ਆਪਣੇ ਆਪ ਨੂੰ ਕਿਰਾਏ 'ਤੇ ਦਿੰਦਾ ਹਾਂ। ਮੇਰਾ ਕੰਮ ਉੱਥੇ ਰਹਿਣਾ ਹੈ, ਜਿੱਥੇ ਮੇਰੇ ਗਾਹਕ ਮੈਨੂੰ ਦੱਸਦੇ ਹਨ। ਮੈਨੂੰ ਇਸ ਸਮੇਂ ਦੌਰਾਨ ਕੁਝ ਵੀ ਨਹੀਂ ਕਰਨਾ ਹੁੰਦਾ।" ਬੀਤੇ 4 ਸਾਲ 'ਚ ਉਨ੍ਹਾਂ ਨੇ ਲਗਭਗ 4000 ਸੈਸ਼ਨ ਕੀਤੇ ਹਨ। ਮਤਲਬ ਚਾਰ ਸਾਲਾਂ 'ਚ ਉਨ੍ਹਾਂ ਨੇ 2.84 ਲੱਖ ਅਮਰੀਕੀ ਡਾਲਰ ਕਮਾਏ ਹਨ।
ਮੋਰੀਮੋਟੋ ਦਿੱਖਣ 'ਚ ਕਾਫੀ ਦੁਬਲੇ-ਪਤਲੇ ਹਨ। ਟਵਿੱਟਰ 'ਤੇ ਉਨ੍ਹਾਂ ਦੇ ਲਗਭਗ 2.50 ਲੱਖ ਫਾਲੋਅਰਜ਼ ਹਨ। ਜ਼ਿਆਦਾਤਰ ਗਾਹਕ ਇੱਥੇ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਕੁਝ ਨਾ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਮੋਰੀਮੋਟੋ ਕੁਝ ਵੀ ਕਰਨਗੇ। ਉਨ੍ਹਾਂ ਨੇ ਫਰਿੱਜ ਨੂੰ ਸ਼ਿਫਟ ਕਰਨ ਅਤੇ ਕੰਬੋਡੀਆ ਜਾਣ ਦੀਆਂ ਆਫ਼ਰਾਂ ਨੂੰ ਠੁਕਰਾ ਦਿੱਤਾ ਸੀ। ਇਸ ਤੋਂ ਇਲਾਵਾ ਸਰੀਰਕ ਸਬੰਧ ਬਣਾਉਣ ਵਰਗੀਆਂ ਬੇਨਤੀਆਂ ਵੀ ਬੜੀ ਆਸਾਨੀ ਨਾਲ ਠੁਕਰਾ ਦਿੰਦੇ ਹਨ।
ਪਿਛਲੇ ਹਫ਼ਤੇ ਉਨ੍ਹਾਂ ਨੇ 27 ਸਾਲਾ ਡਾਟਾ ਐਨਾਲਿਸਟ ਅਰੁਣਾ ਚਿਦਾ ਨਾਲ ਸਮਾਂ ਬਿਤਾਇਆ। ਇਸ ਦੌਰਾਨ ਦੋਵਾਂ ਨੇ ਚਾਹ ਅਤੇ ਕੇਕ ਖਾਧਾ ਪਰ ਉਹ ਬਹੁਤ ਘੱਟ ਹੀ ਗੱਲ ਕਰ ਰਹੇ ਸਨ। ਚਿਦਾ ਜਨਤਕ ਤੌਰ 'ਤੇ ਭਾਰਤੀ ਪਹਿਰਾਵਾ ਪਹਿਨਣਾ ਚਾਹੁੰਦੀ ਸੀ, ਪਰ ਉਸ ਨੂੰ ਚਿੰਤਾ ਸੀ ਕਿ ਉਸ ਦੇ ਦੋਸਤਾਂ ਨੂੰ ਇਹ ਪਸੰਦ ਨਹੀਂ ਆਵੇਗਾ। ਇਸ ਲਈ ਉਨ੍ਹਾਂ ਨੇ ਮੋਰੀਮੋਟੋ ਦੀ ਮਦਦ ਲਈ।
ਮੋਰੀਮੋਟੋ ਨੇ ਪਹਿਲਾਂ ਇੱਕ ਪ੍ਰਕਾਸ਼ਕ ਲਈ ਵੀ ਕੰਮ ਕੀਤਾ ਸੀ। ਇਸ ਕੰਮ 'ਚ ਉਸ ਨੂੰ ਅਕਸਰ ਕੁਝ ਨਾ ਕਰਨ ਲਈ ਝਿੜਕਿਆ ਜਾਂਦਾ ਸੀ। ਹੁਣ ਇਹ ਮੋਰੀਮੋਟੋ ਦੀ ਆਮਦਨ ਦਾ ਇੱਕੋ ਇੱਕ ਸਰੋਤ ਹੈ। ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਇਸ ਕੰਮ 'ਚ ਸਮਰਥਨ ਕਰਦੇ ਹਨ। ਹਾਲਾਂਕਿ, ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿੰਨੀ ਕਮਾਈ ਕਰਦੇ ਹਨ? ਉਨ੍ਹਾਂ ਕਿਹਾ ਕਿ ਉਹ ਦਿਨ 'ਚ ਇੱਕ ਜਾਂ ਦੋ ਗਾਹਕਾਂ ਨੂੰ ਹੀ ਸਮਾਂ ਦਿੰਦੇ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇਸ ਦੀ ਗਿਣਤੀ 3-4 ਦੇ ਕਰੀਬ ਸੀ।