ਅਲੀਗੜ੍ਹ: ਗਾਂ ਦੀ ਮੌਤ ਮਗਰੋਂ ਸਦਮੇ ਵਿੱਚ ਆਏ ਗਊ ਭਗਤਾਂ ਨੂੰ ਸ਼ਵ ਯਾਤਰਾ ਮਹਿੰਗੀ ਪੈ ਗਈ ਜਾਪਦੀ ਹੈ। ਪੁਲਿਸ ਨੇ ਅਜਿਹਾ ਕਰਨ ਵਾਲੇ ਤਕਰੀਬਨ 150 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਮਾਮਲਾ ਅਲੀਗੜ੍ਹ ਜ਼ਿਲ੍ਹੇ ਦੇ ਪਿੰਡ ਮੈਮੜੀ ਦਾ ਹੈ, ਜਿੱਥੇ ਵੀਰਵਾਰ ਨੂੰ ਪਿੰਡ ਵਾਸੀ ਦਿਨੇਸ਼ ਚੰਦਰ ਸ਼ਰਮਾ ਦੀ ਗਾਂ ਦੀ ਮੌਤ ਹੋ ਗਈ। ਇਸ ਮਗਰੋਂ ਉਨ੍ਹਾਂ ਆਪਣੀ ਮ੍ਰਿਤ ਗਊ ਦਾ ਜਨਾਜ਼ਾ ਕੱਢਣ ਦੀ ਸੋਚੀ। ਪੁਲਿਸ ਮੁਤਾਬਕ ਇਸ ਅੰਤਮ ਯਾਤਰਾ ਤਕਰੀਬਨ 100 ਔਰਤਾਂ ਅਤੇ 50 ਮਰਦ ਸ਼ਾਮਲ ਹੋਏ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਜਾਰੀ ਲੌਕਡਾਊਨ ਦੀਆਂ ਸ਼ਰ੍ਹੇਆਮ ਉੱਡਦੀਆਂ ਧੱਜੀਆਂ ਦੇਖ ਪਿੰਡ ਦੇ ਕਿਸੇ ਚੇਤੰਨ ਵਿਅਕਤੀ ਨੇ ਪੁਲਿਸ ਨੂੰ ਇਸ ਦੀ ਖ਼ਬਰ ਦੇ ਦਿੱਤੀ। ਜਦ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਅੰਤਿਮ ਯਾਤਰਾ ਵਿੱਚ ਸ਼ਰੀਕ ਹੋਏ ਲੋਕਾਂ ਵਿੱਚ ਭਾਜੜ ਪੈ ਗਈ। ਪੁਲਿਸ ਨੇ ਗਾਂ ਦੀ ਲਾਸ਼ ਨੂੰ ਜੇਸੀਬੀ ਮੰਗਵਾ ਕੇ ਦਫ਼ਨਾ ਦਿੱਤਾ।

ਪੁਲਿਸ ਨੇ ਇਸ ਉਲੰਘਣਾ ਦੇ ਦੋਸ਼ ਹੇਠ ਦਿਨੇਸ਼ ਚੰਦਰ ਸ਼ਰਮਾ, ਰੂਪੇਸ਼ ਚੰਦਰ ਸ਼ਰਮਾ, ਸਤੀਸ਼ ਚੰਦਰ, ਭੂਰਾ, ਰਵੇਂਦਰ, ਦਲਵੀਰ, ਜਤਿਨ, ਅਮਰ ਸਿੰਘ, ਇੱਕਾ, ਸੋਨੂੰ, ਦੀਪਕ, ਗੁੱਡੂ, ਰਾਕੇਸ਼ ਦੇ ਨਾਲ-ਨਾਲ ਸੋਨੀਆ, ਜਲਧਾਰਾ, ਸ਼ਾਂਤੀ, ਗਾਇਤਰੀ, ਸ਼ੀਲਾ, ਚਾਂਦਨੀ, ਅੰਗੂਰੀ ਸਮੇਤ 90 ਅਣਪਛਾਤੀਆਂ ਔਰਤਾਂ ਅਤੇ 35 ਮਰਦਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।