ਜਲੰਧਰ: ਜ਼ਿਲ੍ਹਾ ਜਲੰਧਰ ਦੇ ਨਕੋਦਰ ਇਲਾਕੇ ਤੋਂ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਜਿੱਥੇ ਪੋਸਟਮਾਰਟਮ ਮਗਰੋਂ ਮੌਰਚਰੀ 'ਚ ਰੱਖੀਆਂ ਦੋ ਲਾਸ਼ਾਂ ਦੇ ਬਦਲੇ ਜਾਣ ਦੀ ਗੱਲ ਸਾਹਮਣੇ ਆਈ ਹੈ।ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਕਾਫੀ ਰੋਸ ਹੈ ਅਤੇ ਉਨ੍ਹਾਂ ਹਸਪਤਾਲ ਪਹੁੰਚ ਹੰਗਾਮਾ ਕੀਤਾ ਗਿਆ।


ਅੱਜ ਕਰੀਬ 5 ਵਜੇ ਸਿਵਲ ਹਸਪਤਾਲ ਨਕੋਦਰ ਵਿਖੇ ਪੰਜ ਲਾਸ਼ਾਂ ਰੱਖਿਆ ਹੋਈਆਂ ਸਨ।ਜਿਹਨਾਂ ਵਿਚੋਂ ਦੋ ਲਾਸ਼ਾ ਸਕੇ ਭਰਾਵਾਂ ਦੀਆਂ ਸਨ।ਇਹਨ੍ਹਾਂ ਦੋਨਾਂ ਭਰਾਵਾਂ ਦੀ ਮੌਤ ਗੈਸ ਚੜ੍ਹਨ ਨਾਲ ਹੋ ਗਈ ਸੀ।ਇਸ ਤੋਂ ਇਲਾਵਾ ਤਿੰਨ ਹੋਰ ਲਾਸ਼ਾਂ ਸਨ ਜੋ ਪ੍ਰਵਾਸੀ ਮਜ਼ਦੂਰਾਂ ਦੀਆਂ ਸਨ।ਇਨ੍ਹਾਂ ਮਜ਼ਦੂਰਾਂ ਦੀ ਮੌਤ ਇੱਕ ਹਾਦਸੇ 'ਚ ਹੋਈ ਸੀ।



ਸਿਵਲ ਹਸਪਤਾਲ ਦੀ ਅਣਗਹਿਲੀ ਨਾਲ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਦੀ ਥਾਂ ਪਰਿਵਾਰਕ ਮੈਂਬਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਦੇ ਦਿੱਤੀਆਂ ਗਈਆਂ।ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਦੋਂ ਸੰਸਕਾਰ ਵੇਲੇ ਲਾਸ਼ਾਂ ਵੇਖੀਆਂ ਤਾਂ ਵਾਪਿਸ ਹਸਪਤਾਲ ਆ ਗਏ ਅਤੇ ਖੂਬ ਹੰਗਾਮਾ ਕੀਤਾ।ਜਿਸ ਤੇ ਐਸਐਚਓ ਲੋਹੀਆਂ ਸੁਖਦੇਵ ਸਿੰਘ ਨੇ ਮੌਕੇ ਤੇ ਪਹੁੰਚ ਕਿ ਮਾਹੌਲ ਨੂੰ ਸ਼ਾਤ ਕਰਵਾਇਆ।ਪੁਲਿਸ ਨੇ ਮਾਮਲੇ ਨੂੰ ਕਾਬੂ 'ਚ ਲੈਂਦੇ ਹੋਏ ਪੰਜਾਂ ਲਾਸ਼ਾਂ ਨੂੰ ਉਨ੍ਹਾਂ ਦੇ ਸਹੀ ਵਾਰਿਸਾਂ ਹਵਾਲੇ ਕਰ ਦਿੱਤਾ।

ਹਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੀ ਐਸਐਮਓ ਭੁਪਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਵਕਤ ਘਰ ਹਾਂ ਸੋਮਵਾਰ ਆ ਕੇ ਦੇਖਾਂਗੀ ਕਿਸ ਦੀ ਗਲਤੀ ਹੈ। ਉਸ ਤੋਂ ਬਾਅਦ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ।