ਵਾਸ਼ਿੰਗਟਨ- ਅਮਰੀਕੀ ਪ੍ਰਤੀਨਿਧ ਸਦਨ ਦੀ ਸੀਨੀਅਰ ਡੈਮੋਕਰੇਟ ਪਾਰਲੀਮੈਂਟ ਮੈਂਬਰ ਨੈਂਸੀ ਪੇਲੋਸੀ ਨੇ ਘੱਟ ਤੋਂ ਘੱਟ 100 ਸਾਲ ਪੁਰਾਣਾ ਇਤਿਹਾਸ ਤੋੜਦੇ ਹੋਏ ਸਭ ਤੋਂ ਲੰਬਾ ਭਾਸ਼ਣ ਦਿੱਤਾ ਹੈ। ਪਾਰਲੀਮੈਂਟ ਮੈਂਬਰ ਨੈਂਸੀ ਨੇ ਗੈਰ-ਦਸਤਾਵੇਜ਼ੀ ਨੌਜਵਾਨ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੇ ਬਚਾਅ ਵਿਚ 8 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਲੰਬਾ ਭਾਸ਼ਣ ਦਿੱਤਾ।
ਅਗਲੇ ਮਹੀਨੇ 78 ਸਾਲ ਦੀ ਹੋਣ ਵਾਲੀ ਕੈਲੀਫੋਰਨੀਆ ਦੀ ਮਸ਼ਹੂਰ ਡੈਮੋਕਰੇਟ ਪਾਰਲੀਮੈਂਟ ਮੈਂਬਰ ਨੈਂਸੀ ਪੇਲੋਸੀ ਸਵੇਰੇ 10:04 ਮਿੰਟ ਉੱਤੇ ਸਦਨ ਪਹੁੰਚੀ ਤੇ ਭਾਸ਼ਣ ਸ਼ੁਰੂ ਕੀਤਾ। ਉਸ ਨੇ ਇਕ ਵਾਰੀ ਬੋਲਣਾ ਸ਼ੁਰੂ ਕੀਤਾ ਤਾਂ ਲਗਾਤਾਰ 8 ਘੰਟੇ ਤੋਂ ਵੱਧ ਸਮਾਂ ਬੋਲਦੀ ਰਹੀ। ਉਸ ਦੇ ਇਕ ਸਾਥੀ ਮੁਤਾਬਕ ਉਨ੍ਹਾਂ ਨੇ 8 ਘੰਟੇ 7 ਮਿੰਟ ਭਾਸ਼ਣ ਦਿੱਤਾ ਤੇ ਉਨ੍ਹਾਂ ਦਾ ਸੰਬੋਧਨ ਸ਼ਾਮ 6:11 ਮਿੰਟ ਉੱਤੇ ਖਤਮ ਹੋਇਆ। ਸਾਥੀ ਦੇ ਦੱਸਣ ਮੁਤਾਬਕ ਨੈਂਸੀ ਨੇ ਭਾਸ਼ਣ ਮੌਕੇ 4 ਇੰਚ ਲੰਬੀ ਸੈਂਡਲ ਪਹਿਨੀ ਹੋਈ ਸੀ ਤੇ ਉਹ ਖੜੇ ਰਹਿ ਕੇ ਭਾਸ਼ਣ ਦੇਂਦੀ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਸਿਰਫ ਪਾਣੀ ਪੀਤਾ। ਇਹ ਘੱਟ ਗਿਣਤੀ ਦੇ ਨੇਤਾ ਅਤੇ ਸਦਨ ਦੀ ਸਾਬਕਾ ਪ੍ਰਧਾਨ ਦੇ ਮਜ਼ਬੂਤ ਇਰਾਦੇ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਹੈ।
ਇਕ ਕਲਰਕ ਤੋਂ ਮਿਲਿਆ ਸੰਦੇਸ਼ ਜ਼ੋਰ ਨਾਲ ਪੜ੍ਹਦੇ ਹੋਏ ਨੈਂਸੀ ਨੇ ਕਿਹਾ, ‘ਮੈਨੂੰ ਹਾਊਸ ਦੇ ਇਕ ਇਤਿਹਾਸਕਾਰ ਤੋਂ ਹੁਣੇ ਸੰਦੇਸ਼ ਮਿਲਿਆ ਹੈ, ਜਿਸ ਵਿਚ ਪੁਸ਼ਟੀ ਕੀਤੀ ਗਈ ਹੈ ਕਿ ਮੈਂ ਘੱਟੋ ਘੱਟ ਸਾਲ 1909 ਦੇ ਬਾਅਦ ਸਦਨ ਵਿਚ ਸਭ ਤੋਂ ਲੰਬਾ ਭਾਸ਼ਣ ਦੇਣ ਦਾ ਰਿਕਾਰਡ ਬਣਾਇਆ ਹੈ।’ ਉਨ੍ਹਾਂ ਨੇ ਕਿਹਾ, ‘ਮੈਨੂੰ ਹੈਰਾਨੀ ਹੋ ਰਹੀ ਹੈ।’