ਢਾਕਾ- ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਬੇਗਮ ਖਾਲਿਦਾ ਜ਼ੀਆ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਅੱਜ ਫੈਸਲਾ ਹੋ ਗਿਆ ਹੈ। ਉਸ ਨੂੰ 5 ਸਾਲ ਜੇਲ ਦੀ ਸਜ਼ਾ ਕੀਤੀ ਗਈ ਹੈ। ਢਾਕਾ ਦੀ ਇੱਕ ਵਿਸ਼ੇਸ਼ ਅਦਾਲਤ ਨੇ 72 ਸਾਲਾ ਖਾਲਿਦਾ ਜ਼ੀਆ ਨੂੰ 2.1 ਕਰੋੜ ਟਕਾ (ਕਰੀਬ 252,000 ਡਾਲਰ) ਦੇ ਫੰਡ ਖਾਣ ਦੇ ਦੋਸ਼ ਵਿੱਚ ਇਹ ਸਜ਼ਾ ਸੁਣਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ‘ਜ਼ੀਆ ਅਨਾਥ ਆਸ਼ਰਮ’ ਵਿੱਚ ਹੋਏ ਭ੍ਰਿਸ਼ਟਾਚਾਰ ਦਾ ਹੈ। ਖਾਲਿਦਾ ਦੇ ਪੁੱਤਰ ਤਾਰਿਕ ਰਹਿਮਾਨ ਅਤੇ ਚਾਰ ਹੋਰਨਾਂ ਨੂੰ 10-10 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਉਨ੍ਹਾਂ ਉੱਤੇ ਦੋ ਦੋਸ਼ ਲਾਏ ਸਨ, ਜਿਨ੍ਹਾਂ ਵਿੱਚ ਇੱਕ ਵੱਡਾ ਦੋਸ਼ ਇਹ ਹੈ ਕਿ ‘ਜ਼ੀਆ ਚੈਰੀਟੇਬਲ ਟਰੱਸਟ‘ ਅਤੇ ਇਕ ਹੋਰ ਟਰੱਸਟ ਸਿਰਫ ਕਾਗਜ਼ਾਂ ਉੱਤੇ ਸਨ। ਜਦ ਖਾਲਿਦਾ ਜ਼ੀਆ ਸਾਲ 2001-2006 ਦੀ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ ਦੀ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਬਣੀ ਤਾਂ ਉਸ ਨੇ ਇਨ੍ਹਾਂ ਦੋਵਾਂ ਸੰਗਠਨਾਂ ਦੇ ਨਾਂ ਉੱਤੇ ਵੱਡੀ ਹੇਰਾਫੇਰੀ ਕੀਤੀ ਸੀ। ਇਸ ਮਾਮਲੇ ਵਿੱਚ ਖਾਲਿਦਾ ਉੱਤੇ ਸਾਲ 2008 ਵਿੱਚ ਕੇਸ ਦਰਜ ਹੋਇਆ ਸੀ।
ਜਾਣਕਾਰਾਂ ਦੇ ਦੱਸਣ ਮੁਤਾਬਕ ਇਸ ਕੇਸ ਦੇ ਫੈਸਲੇ ਦਾ ਪ੍ਰਭਾਵ ਨਾ ਸਿਰਫ ਬੰਗਲਾ ਦੇਸ਼ ਦੀ ਰਾਜਨੀਤੀ, ਸਗੋਂ ਕੌਮਾਂਤਰੀ ਮਾਮਲਿਆਂ ਉੱਤੇ ਵੀ ਪਵੇਗਾ। ਬੰਗਲਾ ਦੇਸ਼ ਵਿੱਚ ਜਲਦੀ ਹੀ ਚੋਣਾਂ ਵੀ ਹੋਣ ਵਾਲੀਆਂ ਹਨ। ਦੁਵੱਲੇ ਸੰਬੰਧਾਂ ਦੇ ਮੱਦੇਨਜ਼ਰ ਭਾਰਤ ਦੀ ਵੀ ਇਸ ਕੇਸ ਉੱਤੇ ਨਜ਼ਰ ਸੀ। ਬੰਗਲਾ ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾ ਮਗਰੋਂ ਖਾਲਿਦਾ ਹੁਣ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਅਤੇ ਇਸ ਦਾ ਸਿੱਧਾ ਲਾਭ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਨੂੰ ਮਿਲੇਗਾ। ਵਰਨਣ ਯੋਗ ਹੈ ਕਿ ਖਾਲਿਦਾ ਜ਼ੀਆ, ਉਨ੍ਹਾਂ ਦੇ ਪੁੱਤਰ ਅਤੇ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੇ ਉੱਪ ਪ੍ਰਧਾਨ ਤਾਰਿਕ ਰਹਿਮਾਨ ਸਮੇਤ 5 ਲੋਕਾਂ ਦੇ ਖਿਲਾਫ 2.52 ਲੱਖ ਡਾਲਰਾਂ ਦੇ ਭ੍ਰਿਸ਼ਟਾਚਾਰ ਦਾ ਦੋਸ਼ ਸੀ।