ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਖਾਲਿਸਤਾਨ ਦੇ ਹੱਕ ਵਿੱਚ ਖੜ੍ਹਨ ਤੋਂ ਕੋਰੀ ਨਾਂਹ ਕਰਨ ਦਾ ਸੁਆਗਤ ਕੀਤਾ ਹੈ। ਕੈਪਟਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਮੁਲਕ ਵਿੱਚ ਵੱਖਵਾਦੀ ਤਾਕਤਾਂ ਖਿਲਾਫ਼ ਢੁਕਵਾਂ ਮਾਹੌਲ ਸਿਰਜਣ ਲਈ ਵਧਾਈ ਦਿੱਤੀ ਹੈ।


ਬੁੱਧਵਾਰ ਨੂੰ ਕੈਨੇਡਾ ਦੀ ਪ੍ਰੈੱਸ ਵਿੱਚ ਛਪੇ ਸੱਜਣ ਦੇ ਬਿਆਨ ਮੁਤਾਬਕ ਉਨ੍ਹਾਂ ਤੇ ਕੈਨੇਡਾ ਦੇ ਸਿੱਖ ਮੰਤਰੀ ਅਮਰਜੀਤ ਸੋਹੀ ਨੇ ਨਾ ਤਾਂ ਸਿੱਖ ਕੌਮਪ੍ਰਸਤੀ ਲਹਿਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਤੇ ਨਾ ਹੀ ਇਸ ਦੇ ਪੱਖ ਵਿੱਚ ਹਨ ਜਿਸ ਦਾ ਮਕਸਦ ਭਾਰਤ ਦੇ ਪੰਜਾਬ ਖਿੱਤੇ ਵਿੱਚ ਖਾਲਿਸਤਾਨ ਦੇ ਨਾਂ ਹੇਠ ਵੱਖਰਾ ਮੁਲਕ ਬਣਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਵਿੱਚ ਸਪਸ਼ਟ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਮੁਲਕ ਨੂੰ ਭਾਰਤ ਵਿਰੋਧੀ ਸਰਗਰਮੀਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਜਣ ਤੇ ਸੋਹੀ ਦੇ ਤਾਜ਼ਾ ਬਿਆਨਾਂ ਜਿਨ੍ਹਾਂ ਵਿੱਚ ਉਨ੍ਹਾਂ ਨੇ ਖਾਲਿਸਤਾਨੀ ਉਦੇਸ਼ ਨਾਲ ਕੋਈ ਵਾਹ-ਵਾਸਤਾ ਨਾ ਹੋਣ ਬਾਰੇ ਸਪੱਸ਼ਟ ਕਰ ਦਿੱਤਾ ਹੈ, ਨੇ ਕੈਨੇਡਾ ਨਾਲ ਬਿਹਤਰ ਸਬੰਧਾਂ ਲਈ ਰਾਹ ਪੱਧਰਾ ਕੀਤਾ ਹੈ ਕਿਉਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਸਿੱਖ ਵਸੋਂ ਦੇ ਮੱਦੇਨਜ਼ਰ ਇਸ ਦੀ ਭਾਰਤ ਨਾਲ ਡੂੰਘੀ ਸਾਂਝ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਉਨ੍ਹਾਂ ਨੇ ਹਮੇਸ਼ਾ ਚੰਗੇ ਇਨਸਾਨ ਵਜੋਂ ਦੇਖਿਆ ਹੈ। ਕੈਪਟਨ ਨੇ ਕਿਹਾ ਕਿ ਉਹ ਟਰੂਡੋ ਦੀ ਇਸ ਮਹੀਨੇ ਪੰਜਾਬ ਸਮੇਤ ਭਾਰਤ ਫੇਰੀ ਮੌਕੇ ਮਿਲਣ ਦੀ ਤਾਂਘ ਭਰੀ ਉਡੀਕ ਵਿੱਚ ਹਨ। ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਦੀ ਫੇਰੀ ਕੈਨੇਡਾ ਤੇ ਪੰਜਾਬ ਦਰਮਿਆਨ ਦੁਵੱਲੇ ਲਾਭ ਲਈ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ।

ਮੁੱਖ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਵੰਡ ਪਾਊ ਤਾਕਤਾਂ ਨੂੰ ਕਿਸੇ ਮੁਲਕ ਵੱਲੋਂ ਕਿਸੇ ਵੀ ਕੀਮਤ 'ਤੇ ਉਤਸ਼ਾਹਤ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਆਲਮੀ ਸ਼ਾਂਤੀ ਲਈ ਗੰਭੀਰ ਖਤਰਾ ਹਨ ਜਿਸ ਕਰਕੇ ਵਿਸ਼ਵ ਦੇ ਕਿਸੇ ਵੀ ਹਿੱਸੇ ਵਿੱਚ ਅਤਿਵਾਦ ਨੂੰ ਸਿਰ ਚੁੱਕਣ ਦੀ ਆਗਿਆ ਨਹੀਂ ਦਿੱਤੀ ਚਾਹੀਦੀ। ਉਨ੍ਹਾਂ ਕਿਹਾ ਕਿ ਵੱਖਵਾਦੀ ਤਾਕਤਾਂ ਦੀ ਪੁਸ਼ਤਪਨਾਹੀ ਜਾਂ ਹਮਾਇਤ ਕਰਨਾ ਲੰਮੇ ਸਮੇਂ ਵਿੱਚ ਸਿਰਫ ਉਨ੍ਹਾਂ ਮੁਲਕਾਂ ਲਈ ਹੀ ਨੁਕਸਾਨਦੇਹ ਨਹੀਂ ਹੁੰਦਾ ਜਿਨ੍ਹਾਂ ਵਿਰੁੱਧ ਇਨ੍ਹਾਂ ਤਾਕਤਾਂ ਨੂੰ ਉਕਸਾਇਆ ਜਾਂਦਾ ਸਗੋਂ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਵਾਲੇ ਮੁਲਕਾਂ ਲਈ ਵੀ ਇਹ ਤਾਕਤਾਂ ਘਾਤਕ ਸਿੱਧ ਹੁੰਦੀਆਂ ਹਨ।