ਨਵੀਂ ਦਿੱਲੀ: ਪਾਕਿਸਤਾਨ ਵਿੱਚ ਵੀ ਭਾਰਤੀ ਐਕਟ ਦੀ ਤਰਜ਼ 'ਤੇ ਆਨੰਦ ਮੈਰਿਜ ਐਕਟ ਬਣਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ ਤਾਂ ਕਿ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਵੀ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਤਹਿਤ ਕਰਵਾ ਸਕਣ। ਭਾਰਤੀ ਸੰਸਦ ਵੱਲੋਂ ਆਨੰਦ ਮੈਰਿਜ ਐਕਟ 2012 ਪਾਸ ਕੀਤੇ ਜਾਣ ਤੋਂ ਬਾਅਦ ਇਸ ਨੂੰ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਲਾਗੂ ਕੀਤਾ ਜਾ ਚੁੱਕਾ ਹੈ। ਪਾਕਿਤਸਾਨੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਇਸ ਸਬੰਧੀ ਸੂਬਾਈ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ। ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਦੇ ਸਪੀਕਰ ਨੇ ਉਕਤ ਬਿੱਲ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ ਤਾਂ ਕਿ ਬਿੱਲ ਦਾ ਖਰੜਾ ਤਿਆਰ ਕੀਤਾ ਜਾ ਸਕੇ।


ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਟੈਲੀਫੋਨ 'ਤੇ ਹੋਈ ਗੱਲਬਾਤ ਦੌਰਾਨ ਰਮੇਸ਼ ਸਿੰਘ ਅਰੋੜਾ ਨੇ ਉਨ੍ਹਾਂ ਨੂੰ ਇਹ ਬਿੱਲ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਾਗੂ ਕਰਵਾਉਣ ਦੀ ਵਧਾਈ ਦਿੱਤੀ। ਉਨ੍ਹਾਂ ਨੇ ਇਸ ਬਾਬਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਵੀ ਮੰਗਿਆ ਹੈ ਤੇ ਭਾਰਤ ਵਿਚ ਪਾਸ ਕੀਤੇ ਬਿੱਲ ਦੀ ਕਾਪੀ ਵੀ ਮੰਗੀ ਹੈ।

ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਅਰੋੜਾ ਨੂੰ ਭਰੋਸਾ ਦੁਆਇਆ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਦੀਆਂ ਇਨ੍ਹਾਂ ਚੁਣੀਆਂ ਹੋਈਆਂ ਦੋਵਾਂ ਸੰਸਥਾਵਾਂ ਤੋਂ ਸਹਿਯੋਗ ਤਾਂ ਮਿਲੇਗਾ ਹੀ ਬਲਕਿ ਉਨ੍ਹਾਂ ਨੇ ਇਹ ਵੀ ਭਰੋਸਾ ਦੁਆਇਆ ਹੈ ਕਿ ਜੇਕਰ ਰਹਿਤ ਮਰਿਆਦਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਸਪਸ਼ਟੀਕਰਨ ਲੋੜੀਂਦਾ ਹੋਇਆ ਤਾਂ ਉਹ ਵਿਅਕਤੀਗਤ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਨਗੇ ਕਿ ਉਹ ਇਸ ਸਾਬਤ ਮਾਰਗ ਦਰਸ਼ਨ ਕਰਨ ਤਾਂ ਕਿ ਇਹ ਐਕਟ ਸਿੱਖੀ ਰਹਿਤ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਵਿੱਚ ਤਿਆਰ ਕੀਤਾ ਜਾ ਸਕੇ।