ਵਾਸ਼ਿੰਗਟਨ- ਅਮਰੀਕਾ ਦੇ ਕੈਂਟਕੀ ਵਿਚ ਇਕ ਨਕਾਬਪੋਸ਼ ਨੇ ਇੱਕ ਸਿੱਖ ਐਨ ਆਰ ਆਈ ਦੇ ਗੈਸ ਸਟੇਸ਼ਨ ਉੱਤੇ ਨਸਲੀ ਤੇ ਭੱਦੀਆਂ ਟਿੱਪਣੀਆਂ ਕਰਦੇ ਹੋਏ ਭੰਨਤੋੜ ਕੀਤੀ।
ਗ੍ਰੀਨਅੱਪ ਕਾਊਂਟੀ ਦੇ ਸਟੇਸ਼ਨ ਉੱਤੇ ਇਹ ਹਮਲਾ ਪਿਛਲੇ ਹਫਤੇ ਕੀਤਾ ਗਿਆ ਸੀ। ਇਕ ਸਥਾਨਕ ਟੀ ਵੀ ਨੇ ਦੱਸਿਆ ਕਿ ਉਸ ਆਦਮੀ ਨੇ ਉਥੇ ਸਪ੍ਰੇਅ ਨਾਲ ਕੁਝ ਇਤਰਾਜ਼ ਯੋਗ ਸ਼ਬਦ ਲਿਖੇ ਤੇ ਚਿੰਨ੍ਹ ਵੀ ਬਣਾਏ।
ਸਟੋਰ ਦੇ ਮਾਲਕ ਗੈਰੀ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਸਦਮੇ ਵਿਚ ਹਨ। ਕੇਂਟਕੀ ਸਟੇਟ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਸਟੋਰ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਨਾਕਾਬ ਵਾਲਾ ਇਕ ਵਿਅਕਤੀ ਰਾਤ ਨੂੰ ਕਰੀਬ 11:30 ਵਜੇ ਸਟੋਰ ਵੱਲ ਆਉਂਦਾ ਹੈ। ਇਸ ਬਾਰੇ ਗੈਰੀ ਸਿੰਘ ਨੇ ਕਿਹਾ, ‘ਮੈਂ ਇਸ ਨਾਲ ਕਾਫੀ ਡਰਿਆ ਹੋਇਆ ਹਾਂ। ਮੈਂ ਭਾਈਚਾਰੇ ਨਾਲ ਕਦੇ ਕੁਝ ਗਲਤ ਨਹੀਂ ਕੀਤਾ। ਮੈਂ ਹਮੇਸ਼ਾ ਭਾਈਚਾਰੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।’


ਗੈਰੀ ਸਿੰਘ ਨਫਰਤ ਵਾਲੀਆਂ ਟਿੱਪਣੀਆਂ ਤੋਂ ਬਾਅਦ ਵੀ ਹਮਲਾਵਰ ਨੂੰ ਮੁਆਫ ਕਰਨ ਨੂੰ ਤਿਆਰ ਹਨ ਅਤੇ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਹ ਦੁਬਾਰਾ ਹਮਲਾ ਨਹੀਂ ਕਰਨਗੇ। ਗੈਰੀ ਸਿੰਘ ਨੇ ਕਿਹਾ ਕਿ ਉਹ 1990 ਵਿਚ ਆਪਣੇ ਸੁਪਨੇ ਪੂਰੇ ਕਰਨ ਲਈ ਅਮਰੀਕਾ ਆਏ ਸਨ। ਇਕ ਖਬਰ ਏਜੰਸੀ ਮੁਤਾਬਕ ਉਥੇ ਕਈ ਅਸ਼ਲੀਲ ਪੱਤਰ ਵੀ ਮਿਲੇ ਹਨ, ਜਿਸ ਵਿਚ ਸਟੋਰ ਖਾਲੀ ਕਰਨ ਦੀ ਗੱਲ ਕਹੀ ਗਈ ਹੈ।