ਕੋਪੇਨਹੇਗਨ- ਡੈਨਮਾਰਕ ਸਰਕਾਰ ਇਸ ਦੇਸ਼ ਵਿੱਚ ਔਰਤਾਂ ਦੇ ਬੁਰਕਾ ਪਹਿਨਣ ਦੀ ਰੋਕ ਲਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਜਨਤਕ ਥਾਵਾਂ ਉੱਤੇ ਔਰਤਾਂ ਦੇ ਉਸ ਪਹਿਰਾਵੇ ਉੱਤੇ ਰੋਕ ਲਾਏਗੀ, ਜਿਸ ਨਾਲ ਚਿਹਰਾ ਪੂਰੀ ਤਰ੍ਹਾਂ ਢੱਕ ਜਾਂਦਾ ਹੋਵੇ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਜਨਤਕ ਥਾਵਾਂ ਉੱਤੇ ਬੁਰਕਾ ਜਾਂ ਹਿਜ਼ਾਬ ਪਹਿਨਣ ਉੱਤੇ ਰੋਕ ਲਾਉਣ ਦਾ ਬਿੱਲ ਲਿਆਉਣ ਦੀ ਵਿਚਾਰ ਕਰ ਰਹੇ ਹਾਂ। ਜਨਤਕ ਥਾਵਾਂ ਉੱਤੇ ਅਜਿਹਾ ਕਰਨ ਵਾਲੇ ਨੂੰ ਜੁਰਮਾਨਾ ਦੇਣਾ ਹੋਵੇਗਾ। ਇਸ ਬਿੱਲ ਮੁਤਾਬਕ ਕਾਨੂੰਨ ਦੀ ਉਲੰਘਣਾ ਕਰਨ ਉੱਤੇ 120 ਪੌਂਡ (ਕਰੀਬ 9,545 ਭਾਰਤੀ ਰੁਪਏ ਦੇ ਬਰਾਬਰ) ਜੁਰਮਾਨਾ ਲਾਇਆ ਜਾਵੇਗਾ। ਜੇ ਕੋਈ ਇਸ ਕਾਨੂੰਨ ਦੀ ਇਕ ਤੋਂ ਜ਼ਿਆਦਾ ਵਾਰ ਉਲੰਘਣਾ ਕਰੇਗਾ ਤਾਂ ਉਸ ਨੂੰ ਜੁਰਮਾਨੇ ਵਜੋਂ ਹੋਰ ਮੋਟੀ ਰਕਮ ਭਰਨੀ ਪਵੇਗੀ।
ਡੈਨਮਾਰਕ ਦੇ ਨਿਆਂ ਮੰਤਰੀ ਸੋਰੇਨ ਪਾਪੇ ਪਾਉਸੇਨ ਨੇ ਕਿਹਾ, ‘ਜਨਤਕ ਥਾਵਾਂ ਉੱਤੇ ਲੋਕਾਂ ਨਾਲ ਮਿਲਦੇ ਹੋਏ ਚਿਹਰਾ ਢੱਕ ਕੇ ਰੱਖਣਾ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਉਲਟ ਹੈ।’ ਉਨ੍ਹਾਂ ਕਿਹਾ, ਇਸ ਬੈਨ ਨਾਲ ਉਹ ਸਾਬਤ ਕਰਨਾ ਚਾਹੁੰਦੇ ਹਹ ਕਿ ਅਸੀਂ ਅਜਿਹੇ ਸਮਾਜ ਰਹਿੰਦੇ ਹਾਂ, ਜੋ ਇੱਕ ਦੂਜੇ ਉੱਤੇ ਭਰੋਸਾ ਕਰਦਾ ਹੈ ਤੇ ਮੁਲਾਕਾਤ ਦੌਰਾਨ ਆਹਮੋ-ਸਾਹਮਣੇ ਹੋ ਕੇ ਗੱਲ ਕਰਦਾ ਹੈ। ਸਰਕਾਰ ਦੇ ਇਸ ਬਿੱਲ ਨੂੰ ਸੱਤਾਧਾਰੀ ਗਠਜੋੜ ਵਿੱਚ ਸ਼ਾਮਲ ਤਿੰਨਾਂ ਦਲਾਂ ਦਾ ਸਮਰਥਨ ਹਾਸਲ ਹੈ।
ਡੈਨਮਾਰਕ ਵਿੱਚ ਮੁਸਲਿਮ ਅਬਾਦੀ ਕਾਫੀ ਘੱਟ ਹੈ ਤੇ ਇਸ ਬੈਨ ਦਾ ਅਸਰ ਕਰੀਬ 200 ਔਰਤਾਂ ਉੱਤੇ ਹੀ ਪਵੇਗਾ। ਵਰਨਣ ਯੋਗ ਹੈ ਕਿ ਡੈਨਮਾਰਕ ਤੋਂ ਪਹਿਲਾਂ ਫਰਾਂਸ, ਬੈਲਜ਼ੀਅਮ, ਨੀਦਰਲੈਂਡ, ਬੁਲਗਾਰੀਆ ਤੇ ਜਰਮਨੀ ਵਰਗੇ ਦੋਸ਼ ਵੀ ਬੁਰਕੇ ਉੱਤੇ ਬੈਨ ਲਾ ਚੁੱਕੇ ਹਨ। 2011 ਵਿੱਚ ਬੇਲਜ਼ੀਅਮ ਵਿੱਚ ਇਸ ਨੂੰ ਕਾਨੂੰਨੀ ਚੁਣੌਤੀ ਦਿੱਤੀ ਗਈ ਸੀ ਪਰ ਯੂਰੋਪੀਨ ਕੋਰਟ ਆਫ ਹਿਊਮਨ ਰਾਇਟਸ ਨੇ ਇਕ ਕਹਿੰਦੇ ਹੋਏ ਬਰਕਾਰ ਰੱਖਿਆ ਕਿ ਬੈਲਜ਼ੀਅਮ ਨੂੰ ਇਸ ਤਰ੍ਹਾਂ ਦਾ ਕੋਈ ਵੀ ਬੈਨ ਲਾਉਣ ਦਾ ਅਧਿਕਾਰ ਹੈ।