ਇਸਲਾਮਾਬਾਦ-ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰੱਮ ਦਸਤਗੀਰ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਆਂਢੀ ਮੁਲਕ ਨੇ ਬਿਨਾਂ ਭੜਕਾਹਟ ਉਨ੍ਹਾਂ ਖ਼ਿਲਾਫ਼ ਕਿਸੇ ਵੀ ਹਮਲੇ ਜਾਂ ਵਧੀਕੀ ਦੀ ਕੋਸ਼ਿਸ਼ ਕੀਤੀ ਤਾਂ ਉਸ  ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।


ਰੱਖਿਆ ਮੰਤਰੀ ਨੇ ਇਹ ਟਿੱਪਣੀਆਂ ਰਾਸ਼ਟਰਪਤੀ ਨਿਵਾਸ ’ਤੇ ਮੁਲਕ ਦੇ ਸਦਰ ਮਮਨੂਨ ਹੁਸੈਨ ਦੀ ਮੇਜ਼ਬਾਨੀ ’ਚ ਕਸ਼ਮੀਰ ਇਕਜੁਟਤਾ ਦਿਹਾੜੇ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੀਆਂ।

‘ਦਿ ਐਕਸਪ੍ਰੈਸ ਟ੍ਰਿਬਿਊਨ’ ਨੇ ਦਸਤਗੀਰ ਦੇ ਹਵਾਲੇ ਨਾਲ ਕਿਹਾ, ‘ਉਨ੍ਹਾਂ (ਭਾਰਤ) ਕੋਲ ਜੇਕਰ ਕੋਈ ਵਧੀਕੀ (ਬਿਨਾਂ ਭੜਕਾਹਟ  ਤੋਂ) ਕਰਨ ਦਾ ਅਧਿਕਾਰ ਹੈ ਤਾਂ ਉਸ ਦਾ ਕਿਸ ਪੱਧਰ ’ਤੇ ਕਿਸ ਸ਼ਿੱਦਤ ਨਾਲ ਜਵਾਬ ਦੇਣਾ ਹੈ, ਉਸ ਦਾ ਅਖ਼ਤਿਆਰ ਸਾਡਾ ਹੈ।’

ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ, ਭਾਰਤ ਨਾਲ ਹੋਏ 2003 ਗੋਲੀਬੰਦੀ ਸਮਝੌਤੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ, ਪਰ ਇਸ ਨੂੰ ਉਸ ਦੀ ਕਮਜ਼ੋਰੀ ਨਾ ਸਮਝਿਆ ਜਾਵੇ।