ਇਸ ਦੇਸ਼ ਵਿੱਚ ਲੱਗੀ ਐਮਰਜੈਂਸੀ, ਭਾਰਤੀਆਂ ਨਾ ਜਾਣ ਦੀ ਸਲਾਹ
ਏਬੀਪੀ ਸਾਂਝਾ | 07 Feb 2018 09:47 AM (IST)
ਕੋਲੰਬੋ/ਮਾਲੇ-ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਹੋ ਚੁੱਕਾ ਹੈ। ਮਾਲਦੀਵ 'ਚ ਜਾਰੀ ਐਮਰਜੈਂਸੀ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਮਾਲਦੀਵ ਦੀ ਯਾਤਰਾ 'ਤੇ ਨਾ ਜਾਣ ਅਤੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪ੍ਰਵਾਸੀ ਭਾਰਤੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਦੇਸ਼ 'ਚ ਜਾਰੀ ਰਾਜਨੀਤਕ ਸੰਕਟ ਦੇ ਹੱਲ ਲਈ ਭਾਰਤ ਤੋਂ ਅੱਜ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਅਬਦੁਲਾ ਯਾਮੀਨ ਵਲੋਂ ਐਮਰਜੈਂਸੀ ਦਾ ਐਲਾਨ ਕਰਨ ਅਤੇ ਸੈਨਿਕਾਂ ਵਲੋਂ ਦੇਸ਼ ਦੇ ਚੀਫ਼ ਜਸਟਿਸ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਦੇਸ਼ 'ਚ ਰਾਜਨੀਤਕ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਅਤੇ ਰਾਸ਼ਟਰਪਤੀ ਵਿਚਕਾਰ ਪੈਦਾ ਹੋਏ ਡੂੰਘੇ ਸੰਕਟ ਦੌਰਾਨ ਸੁਰੱਖਿਆ ਬਲਾਂ ਨੇ ਸੁਪਰੀਮ ਕੋਰਟ ਦੇ ਅਹਾਤੇ 'ਚ ਪਹੁੰਚ ਕੇ ਮਾਲਦੀਵ ਦੇ ਚੀਫ਼ ਜਸਟਿਸ ਸਮੇਤ 2 ਜੱਜਾਂ ਨੂੰ ਗ੍ਰਿਫਤਾਰ ਕਰ ਲਿਆ। ਚੀਫ਼ ਜਸਟਿਸ ਅਬੁੱਦਲਾ ਸਈਦ ਅਤੇ ਸੁਪਰੀਮ ਕੋਰਟ ਦੇ 2 ਹੋਰ ਜੱਜਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਇਹ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਤੋਂ ਪਹਿਲਾਂ ਯਾਮੀਨ ਨੇ ਸੁਪਰੀਮ ਕੋਰਟ ਦੇ 9 ਰਾਜਨੀਤਕ ਕੈਦੀਆਂ ਦੀ ਤੁਰੰਤ ਰਿਹਾਈ ਦੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ 'ਤੇ ਭਿ੍ਸ਼ਟਾਚਾਰ ਦਾ ਮਾਮਲਾ ਚਲ ਰਿਹਾ ਹੈ ਅਤੇ ਅਦਾਲਤਾਂ ਦੇ ਚੀਫ਼ ਜਸਟਿਸਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ।