ਵਾਸ਼ਿੰਗਟਨ: ਪਾਕਿਸਤਾਨ 'ਤੇ ਨੱਥ ਪਾਉਣ ਨੂੰ ਲੈ ਕੇ ਅਮਰੀਕਾ ਵਿੱਚ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤਹਿਤ ਇੱਕ ਬਿੱਲ ਪੇਸ਼ ਕਰਕੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਮਦਦ ਬੰਦ ਕਰਨ ਦਾ ਮਤਾ ਲਿਆਂਦਾ ਗਿਆ ਹੈ। ਬਿੱਲ ਵਿੱਚ ਇਹ ਮੰਗ ਵੀ ਕੀਤੀ ਗਈ ਹੈ ਕਿ ਇਸ ਪੈਸੇ ਨੂੰ ਅਮਰੀਕਾ ਵਿੱਚ ਬੁਨਿਆਦੀ ਢਾਂਚੇ 'ਤੇ ਖਰਚ ਕੀਤਾ ਜਾਵੇ।


ਇਸ ਬਿੱਲ ਨੂੰ ਸਾਉਥ ਕੈਰੋਲੀਨਾ ਤੋਂ ਕਾਂਗਰਸ ਦੇ ਮੈਂਬਰ ਮਾਰਕ ਸੈਨਫੋਰਡ ਤੇ ਕੇਂਟਕੀ ਤੋਂ ਐਮਪੀ ਥਾਮਸ ਮੈਸੀ ਨੇ ਪੇਸ਼ ਕੀਤਾ। ਇਹ ਬਿੱਲ ਅਮਰੀਕੀ ਵਿਦੇਸ਼ ਮੰਤਰਾਲੇ ਤੇ ਯੂਨਾਇਟਿਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡੇਵਲਪਮੈਂਟ 'ਤੇ ਅਮਰੀਕੀ ਟੈਕਸਦਾਤਾਵਾਂ ਦੀ ਕਮਾਈ ਪਾਕਿਸਤਾਨ ਭੇਜੇ ਜਾਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

ਇਸ ਬਿੱਲ ਵਿੱਚ ਇਸ ਰਕਮ ਨੂੰ 'ਹਾਈਵੇ ਟਰੱਸਟ ਫੰਡ' ਵਿੱਚ ਭੇਜਣ ਦੀ ਗੱਲ ਵੀ ਆਖੀ ਗਈ ਹੈ। ਦੋਵਾਂ ਸੰਸਦ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਪਾਕਿਸਤਾਨ ਜਾਣਬੁੱਝ ਕੇ ਅੱਤਵਾਦੀਆਂ ਨੂੰ ਫੰਡ ਤੇ ਮਦਦ ਦੇ ਰਿਹਾ ਹੈ। ਮੈਸੀ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੀ ਸਰਕਾਰ ਨੂੰ ਪੈਸਾ ਨਹੀਂ ਦੇਣਾ ਚਾਹੀਦਾ ਜਿਹੜੀ ਅੱਤਵਾਦੀਆਂ ਨੂੰ ਫੌਜੀ ਮਦਦ ਤੇ ਖੂਫੀਆ ਜਾਣਕਾਰੀਆਂ ਦਿੰਦੀ ਹੋਵੇ।