ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ ਯਵਤਮਾਲ ਦੇ ਰਹਿਣ ਵਾਲੇ ਰਿਸ਼ੀ ਸੇਠਨਾਨੇ ਨੇ ਵੀਅਤਨਾਮ ਦੇ ਲੜਕੇ ਨਾਲ ਵਿਆਹ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪੇਸ਼ੇ ਤੋਂ ਇੰਜਨੀਅਰ ਰਿਸ਼ੀ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਕੰਮ ਕਰਦਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਆਨਲਾਈਨ ਡੇਟਿੰਗ ਵੈੱਬਸਾਈਟ ਜ਼ਰੀਏ ਉਸ ਦੀ ਮੁਲਾਕਾਤ ਵੀਅਤਨਾਮ ਦੇ ਵਿਨ੍ਹ ਨਾਲ ਹੋਈ।
ਆਓ ਜਾਣਦੇ ਹਾਂ ਪੂਰਾ ਮਾਮਲਾ..
ਦੱਸ ਦਈਏ ਕਿ ਭਾਰਤੀ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਮਲਿੰਗੀ ਸਬੰਧੀ ਅਪਰਾਧ ਦਾਇਰੇ ਤੋਂ ਬਾਹਰ ਕੀਤੇ ਜਾਣ ਜਾਂ ਨਹੀਂ, ਇਸ ਨੂੰ ਲੈ ਕੇ ਕੋਰਟ ਫਿਰ ਤੋਂ ਵਿਚਾਰ ਕਰੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹੀ ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਪਲਟ ਦਿੱਤਾ ਸੀ ਤੇ ਧਾਰਾ 377 ਤਹਿਤ ਗੇਅ ਸੈਕਸ ਨੂੰ ਅਪਰਾਧ ਕਰਾਰ ਦਿੱਤਾ ਸੀ। ਇਸ ਲਈ ਫ਼ਿਲਹਾਲ ਭਾਰਤ ਵਿੱਚ ਗੇਅ ਸੈਕਸ ਅਪਰਾਧ ਹੈ।
ਰਿਪੋਰਟ ਮੁਤਾਬਕ, ਰਿਸ਼ੀ ਨੇ ਗੇਅ ਵਿਆਹ ਲਈ ਆਪਣੇ ਪਿਤਾ ਨੂੰ ਰਾਜ਼ੀ ਕਰ ਲਿਆ ਪਰ ਮਾਂ ਤਿਆਰ ਨਹੀਂ ਹੋਈ ਤੇ ਵਿਆਹ ਤੋਂ ਵੀ ਦੂਰ ਰਹੀ। ਨਾਗਪੁਰ ਦੇ 150 ਕਿੱਲੋਮੀਟਰ ਦੂਰ ਯਵਤਮਾਲ ਵਿੱਚ ਰਸਮਾਂ ਰਿਵਾਜ ਨਾਲ ਇਹ ਵਿਆਹ ਹੋਇਆ। ਰਿਸ਼ੀ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਰਿਸ਼ੀ ਦੀ ਉਮਰ 40 ਸਾਲ ਹੈ। ਉਸ ਨੇ ਆਈਆਈਟੀ ਪੋਵਈ ਤੋਂ 1997 ਵਿੱਚ ਪੜ੍ਹਾਈ ਕੀਤੀ ਹੈ ਤੇ ਉਸ ਕੋਲ ਅਮਰੀਕਾ ਦਾ ਗਰੀਨ ਕਾਰਡ ਵੀ ਹੈ। ਰਿਸ਼ੀ ਨੇ ਜਦੋਂ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਵਿਆਹ ਦੀ ਗੱਲ ਦੱਸੀ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਪਰ ਦਸੰਬਰ ਦੇ ਆਖ਼ਰੀ ਹਫ਼ਤੇ ਉਹ ਭਾਰਤ ਆਇਆ ਤੇ ਪਿਤਾ ਨੂੰ ਰਾਜ਼ੀ ਕਰ ਲਿਆ।
ਇੱਕ ਹੋਟਲ ਵਿੱਚ ਵਿਆਹ ਸਮਾਗਮ ਕੀਤਾ ਗਿਆ, ਜਿੱਥੇ 70-80 ਲੋਕ ਸ਼ਰੀਕ ਹੋਏ। 30 ਦਸੰਬਰ ਨੂੰ ਹੋਏ ਵਿਆਹ ਵਿੱਚ ਕਰੀਬ 10 ਗੇਅ ਕਪਲ ਵੀ ਸ਼ਾਮਲ ਹੋਏ। ਰਿਸ਼ੀ ਦੇ ਪਿਤਾ ਮੋਹਨ ਕੁਮਾਰ ਸੇਠਵਾਨੀ ਯਵਤਮਾਲ ਵਿੱਚ ਸਟੂਡੀਓ ਚਲਾਉਂਦੇ ਹਨ। ਹਾਲਾਂਕਿ ਉਨ੍ਹਾਂ ਬੇਟੇ ਦੀ ਸ਼ਾਦੀ ਬਾਰੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ।
ਮੋਹਨ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਸ਼ਾਦੀ ਮਗਰੋਂ ਉਸ ਦਾ ਬੇਟਾ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਸ਼ਹਿਰ ਦੇ ਏਐਸਪੀ ਅਮਰ ਸਿੰਘ ਜਾਧਵ ਨੇ ਥਾਣੇ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।