ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ 'ਚ ਸੋਮਵਾਰ ਨੂੰ ਦੋ ਆਤਮਘਾਤੀ ਧਮਾਕਿਆਂ 'ਚ 26 ਲੋਕ ਮਾਰੇ ਗਏ ਅਤੇ 90 ਹੋਰ ਜ਼ਖ਼ਮੀ ਹੋ ਗਏ। ਪਿਛਲੇ ਤਿੰਨ ਦਿਨਾਂ 'ਚ ਦੂਜੀ ਵਾਰੀ ਇੱਥੇ ਅਜਿਹੇ ਅੱਤਵਾਦੀ ਹਮਲੇ ਹੋਏ ਹਨ।
ਸਾਂਝਾ ਆਪਰੇਸ਼ਨ ਕਮਾਨ ਦੇ ਬੁਲਾਰੇ ਸਾਦ ਮਾਨ ਨੇ ਕਿਹਾ ਕਿ ਦੋ ਆਤਮਘਾਤੀ ਹਮਲਾਵਰਾਂ ਨੇ ਮੱਧ ਬਗਦਾਦ ਦੇ ਤਈਅਰਨ ਸੁਕੇਅਰ 'ਚ ਖ਼ੁਦ ਨੂੰ ਧਮਾਕੇ ਨਾਲ ਉਡਾ ਦਿੱਤਾ। ਘਟਨਾ ਵਾਲੀ ਥਾਂ 'ਤੇ ਕਈ ਐਂਬੂਲੈਂਸ ਭੇਜੀਆਂ ਗਈਆਂ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਦਸਤਿਆਂ ਨੂੰ ਉੱਥੇ ਤਾਇਨਾਤ ਕੀਤਾ ਗਿਆ। ਤਈਅਰਨ ਸੁਕੇਅਰ ਕਾਫ਼ੀ ਭੀੜਭਾੜ ਵਾਲਾ ਕਾਰੋਬਾਰੀ ਕੇਂਦਰ ਹੈ।
ਇਸ ਸਥਾਨ 'ਤੇ ਦਿਹਾੜੀ ਮਜ਼ਦੂਰ ਸਵੇਰੇ ਕੰਮ ਦੀ ਭਾਲ ਵਿਚ ਇਕੱਠੇ ਹੁੰਦੇ ਹਨ। ਹਾਲੇ ਤਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਪਰ ਇਰਾਕ 'ਚ ਜ਼ਿਆਦਾਤਰ ਅਜਿਹੇ ਹਮਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਕਰਦਾ ਹੈ।
ਦਸੰਬਰ 'ਚ ਇਰਾਕ ਸਰਕਾਰ ਨੇ ਆਈਐੱਸ ਖ਼ਿਲਾਫ਼ ਜੰਗ ਖ਼ਤਮ ਹੋਣ ਦਾ ਐਲਾਨ ਕੀਤਾ ਸੀ। ਆਈਐੱਸ ਨੂੰ ਬਗਦਾਦ ਅਤੇ ਸ਼ਹਿਰੀ ਇਲਾਕਿਆਂ 'ਚ ਖਦੇੜ ਦਿੱਤਾ ਗਿਆ। ਇਸ ਤੋਂ ਬਾਅਦ ਬਗਦਾਦ ਦੇ ਉੱਤਰੀ ਇਲਾਕਿਆਂ 'ਚ ਉਹ ਹਾਲੇ ਵੀ ਸਰਗਰਮ ਹੈ।