ਸਟਾਕ ਐਕਸਚੇਂਜ ਟਾਵਰ ਦੀ ਪਰਛੱਤੀ ਡਿੱਗੀ, 80 ਜ਼ਖ਼ਮੀ
ਏਬੀਪੀ ਸਾਂਝਾ | 16 Jan 2018 08:03 AM (IST)
ਜਕਾਰਤਾ : ਸੋਮਵਾਰ ਨੂੰ ਜਕਾਰਤਾ ਦੀ ਸਟਾਕ ਐਕਸਚੇਂਜ ਟਾਵਰ ਦੀ ਪਰਛੱਤੀ ਡਿੱਗ ਜਾਣ ਕਾਰਨ ਘੱਟੋ ਘੱਟ 80 ਵਿਅਕਤੀ ਜ਼ਖ਼ਮੀ ਹੋ ਗਏ ਤੇ ਚਾਰੇ ਪਾਸੇ ਚੀਕ ਚਿਹਾੜਾ ਮਚ ਗਿਆ। ਆਨਲਾਈਨ ਸਰਕੂਲੇਟ ਕੀਤੀ ਗਈ ਸਕਿਊਰਿਟੀ ਕੈਮਰਿਆਂ ਤੋਂ ਹਾਸਲ ਹੋਈ ਫੁਟੇਜ ਤੋਂ ਪਤਾ ਚੱਲਿਆ ਕਿ ਲੋਕਾਂ ਦਾ ਇੱਕ ਵੱਡਾ ਸਮੂਹ ਪਰਛੱਤੀ ਦੇ ਨਾਲ ਹੀ ਕਈ ਮੀਟਰ ਹੇਠਾਂ ਜਾ ਡਿੱਗਿਆ। ਲੋਕਾਂ ਵਿੱਚ ਭਗਦੜ ਮਚ ਗਈ ਤੇ ਉਨ੍ਹਾਂ ਮਲਬੇ ਨਾਲ ਭਰੀ ਹੋਈ ਲਾਬੀ ਵਿੱਚੋਂ ਭੱਜਣਾ ਸੁ਼ਰੂ ਕਰ ਦਿੱਤਾ। ਐਮਰਜੰਸੀ ਅਮਲੇ ਵੱਲੋਂ ਘਾਹ ਤੇ ਟਾਵਰ ਦੇ ਬਾਹਰ ਸਥਿਤ ਪੇਵਮੈਂਟ ਉੱਤੇ ਪਏ ਜ਼ਖ਼ਮੀ ਲੋਕਾਂ ਦਾ ਇਲਾਜ ਕੀਤਾ ਗਿਆ। ਕੌਮੀ ਪੁਲਿਸ ਦੇ ਤਰਜ਼ਮਾਨ ਸੇਤੀਓ ਵਸਿਸਤੋ ਨੇ ਆਖਿਆ ਕਿ ਜ਼ਖ਼ਮੀਆਂ ਵਿੱਚ ਬਹੁਤੇ ਸੁਮਾਤਰਾ ਵਿੱਚ ਪਾਲਮਬੈਂਗ ਦੇ ਕਾਲਜ ਦੇ ਵਿਦਿਆਰਥੀ ਸਨ, ਉਹ ਆਪਣੇ ਸਟੱਡੀ ਟੂਰ ਉੱਤੇ ਸਟਾਕ ਐਕਸਚੇਂਜ ਦਾ ਦੌਰਾ ਕਰਨ ਆਏ ਸਨ। ਵਸਿਸਤੋ ਨੇ ਇਸ ਘਟਨਾ ਦੇ ਅੱਤਵਾਦ ਨਾਲ ਜੁੜੇ ਹੋਣ ਦੀ ਸੰਭਾਵਨਾਂ ਨੂੰ ਮੂਲੋਂ ਨਕਾਰ ਦਿੱਤਾ ਹੈ। ਘਟਨਾ ਵਿੱਚ ਕਿਸੇ ਤਰ੍ਹਾਂ ਵੀ ਬੰਬ ਦੀ ਵਰਤੋਂ ਕੀਤੇ ਜਾਣ ਦਾ ਕੋਈ ਸੰਕੇਤ ਨਹੀਂ ਮਿਲਿਆ। ਪੰਜ ਹਸਪਤਾਲਾਂ ਵੱਲੋਂ 77 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।