ਤਿਰੁਵਨੰਤਪੁਰਮ: ਕੇਰਲਾ ਦੇ ਤਿਰੁਵਨੰਤਪੁਰਮ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 10ਵੀਂ ਜਮਾਤ ਦੀ ਵਿਦਿਆਰਥਣ ਨੇ ਸੋਸ਼ਲ ਮੀਡੀਆ 'ਤੇ ਮਿਲੇ ਦੋਸਤਾਂ ਨੂੰ 75 ਤੋਲਾ ਸੋਨਾ (24 ਕੈਰੇਟ ਸੋਨੇ ਦੀ ਕੀਮਤ ਦੇ ਅਨੁਸਾਰ ਲਗਪਗ 37 ਲੱਖ ਰੁਪਏ) ਗਿਫ਼ਟ ਕਰ ਦਿੱਤਾ।


ਮੀਡੀਆ ਰਿਪੋਰਟ ਅਨੁਸਾਰ ਇੱਕ ਸਾਲ ਪਹਿਲਾਂ ਸ਼ਿਬਿਨ ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਸੀ ਕਿ ਉਹ ਵਿੱਤੀ ਮੁਸੀਬਤ 'ਚ ਹੈ। ਇਸ ਪੋਸਟ ਨੂੰ ਵੇਖ ਕੇ 15 ਸਾਲਾ ਸਕੂਲੀ ਵਿਦਿਆਰਥਣ ਨੇ ਉਸ ਨਾਲ ਗੱਲ ਕੀਤੀ ਤੇ ਉਸ ਦੇ ਕਾਫ਼ੀ ਕਰੀਬ ਹੋ ਗਈ। ਸ਼ਿਬਿਨ ਦੀਆਂ ਵਿੱਤੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਉਸ ਨੇ ਹੈਰਾਨੀਜਨਕ ਕਦਮ ਚੁੱਕਿਆ


ਵਿਦਿਆਰਥਣ ਦੇ ਘਰ 'ਚ ਇਕ ਬੈੱਡ ਅੰਦਰ ਗੁਪਤ ਡੱਬਾ ਰੱਖਿਆ ਹੋਇਆ ਸੀ, ਜਿਸ 'ਚ ਸੋਨਾ ਸੀ। ਵਿਦਿਆਰਥਣ ਨੇ ਆਪਣੇ ਸੋਸ਼ਲ ਮੀਡੀਆ ਦੋਸਤ ਨੂੰ 75 ਤੋਲੇ ਸੋਨਾ ਦੇ ਦਿੱਤਾ। ਆਪਣੀ ਮਾਂ ਦੀ ਮਦਦ ਨਾਲ ਸ਼ਿਬਿਨ ਨੇ ਸੋਨਾ ਵੇਚ ਦਿੱਤਾ। ਬਾਅਦ 'ਚ ਸ਼ਿਬਿਨ ਤੇ ਉਸ ਦੀ ਮਾਂ ਨੇ ਘਰ ਦੀ ਮੁਰੰਮਤ ਕਰਵਾਈ ਤੇ ਬਾਕੀ ਬਚੇ 9.8 ਲੱਖ ਰੁਪਏ ਘਰ 'ਚ ਰੱਖ ਲਏ।


ਲੜਕੀ ਦੀ ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ


ਸੋਨਾ ਗਾਇਬ ਹੋਣ ਤੋਂ ਬਾਅਦ ਲੜਕੀ ਦੀ ਮਾਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਫਿਰ ਸ਼ਿਬਿਨ ਤੇ ਉਸ ਦੀ ਮਾਂ ਸ਼ਾਜਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦੋਵਾਂ ਨੂੰ ਰਿਮਾਂਡ 'ਤੇ ਲਿਆ ਗਿਆ। ਵਿਦਿਆਰਥਣ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਕ ਸਾਲ ਪਹਿਲਾਂ ਸ਼ਿਬਿਨ ਨੂੰ ਸੋਨਾ ਦਿੱਤਾ ਸੀ। ਪੁਲਿਸ ਨੇ ਸ਼ਿਬਿਨ ਦੇ ਘਰ ਤੋਂ ਲਗਪਗ 10 ਲੱਖ ਰੁਪਏ ਬਰਾਮਦ ਕੀਤੇ ਹਨ।


ਪਰ ਇਸ ਮਾਮਲੇ 'ਚ ਇਕ ਨਵਾਂ ਮੋੜ ਆਇਆ ਜਦੋਂ ਸ਼ਿਬਿਨ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਨੂੰ 75 ਤੋਲਾ ਸੋਨਾ ਨਹੀਂ ਮਿਲਿਆ, ਸਗੋਂ ਵਿਦਿਆਰਥਣ ਨੇ ਉਸ ਨੂੰ ਸਿਰਫ਼ 27 ਤੋਲਾ ਸੋਨਾ ਦਿੱਤਾ ਸੀ। ਵਿਦਿਆਰਥਣ ਦੇ ਬਿਆਨ ਤੋਂ ਪੁਲਿਸ ਵੀ ਉਲਝ ਗਈ।


ਪੁਲਿਸ ਵੀ ਭੰਬਲਭੂਸੇ 'ਚ ਪਈ ਰਹੀ


ਵਿਦਿਆਰਥਣ ਨੇ ਪੁਲਿਸ ਨੂੰ ਦੱਸਿਆ ਕਿ 75 ਤੋਲੇ ਸੋਨੇ ਵਿੱਚੋਂ 40 ਤੋਲੇ ਪਲੱਕੜ ਜ਼ਿਲ੍ਹੇ ਦੇ ਇਕ ਹੋਰ ਨੌਜਵਾਨ ਨੂੰ ਦਿੱਤੇ ਗਏ, ਜਿਸ ਨਾਲ ਉਹ ਇੰਸਟਾਗ੍ਰਾਮ 'ਤੇ ਮਿਲੀ ਸੀ। ਪਲੱਕੜ ਜ਼ਿਲ੍ਹੇ ਦੇ ਨੌਜਵਾਨ ਨੇ ਸੋਨਾ ਮਿਲਦੇ ਹੀ ਉਸ ਨੂੰ ਇੰਸਟਾਗ੍ਰਾਮ 'ਤੇ ਬਲਾਕ ਕਰ ਦਿੱਤਾ, ਪਰ ਪੁਲਿਸ ਇਹ ਮੰਨਣ ਲਈ ਤਿਆਰ ਨਹੀਂ ਹੈ।


ਪੁਲਿਸ ਨੇ ਕਿਹਾ ਕਿ ਵੱਧ ਜਾਣਕਾਰੀ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪਰ ਪੁਲਿਸ ਮਾਂ ਦੇ ਬਿਆਨ ਨਾਲ ਸਹਿਮਤ ਨਹੀਂ ਹੋ ਸਕੀ ਕਿ ਉਸ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਸ ਨੇ ਇਕ ਸਾਲ ਤੋਂ 75 ਤੋਲੇ ਸੋਨਾ ਗੁਆ ਦਿੱਤਾ ਹੈ।


ਇਹ ਵੀ ਪੜ੍ਹੋ: Upcoming cars: ਜਲਦ ਲਾਂਚ ਹੋਣ ਜਾ ਰਹੀਆਂ ਇਨ੍ਹਾਂ 4 ਕੰਪਨੀਆਂ ਦੀਆਂ ਕਾਰਾਂ, ਜਾਣੋ ਪੂਰੀ ਡਿਟੇਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904