ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ 'ਚ ਜੇਕਰ ਤੁਹਾਡਾ ਖਾਤਾ ਹੈ ਤਾਂ ਸਾਵਧਾਨ ਰਹੋ। ਕਿਤੇ ਐਵੇਂ ਤਾਂ ਨਹੀਂ ਕਿ ਤੁਸੀਂ ਪੈਸੇ ਕਢਵਾ ਵੀ ਨਹੀਂ ਰਹੇ ਤੇ ਤੁਹਾਡਾ ਖਾਤਾ ਖਾਲੀ ਹੋ ਰਿਹਾ ਹੈ। ਇਸ ਤਰ੍ਹਾਂ ਦੇ ਮਾਮਲੇ ਵਧਣ ਨਾਲ ਗਾਹਕਾਂ ਦੇ ਹੋਸ਼ ਉੱਡ ਰਹੇ ਹਨ। ਦਰਅਸਲ ਸਾਇਬਰ ਠੱਗਾਂ ਤੋਂ ਪੂਰਾ ਦੇਸ਼ ਪਰੇਸ਼ਾਨ ਹੋ ਗਿਆ ਹੈ। ਇਹ ਠੱਗ ਹੁਣ ਕਿਸ ਨੂੰ ਆਪਣਾ ਨਿਸ਼ਾਨਾ ਬਣਾ ਲੈਣਗੇ ਕਿਸੇ ਨੂੰ ਨਹੀਂ ਪਤਾ। ਇਸ ਬਾਰੇ ਬੈਂਕ ਵੱਲੋਂ ਵੀ ਗਾਹਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।


ਫਰਜ਼ੀ ਮੋਬਾਇਲ ਐਪ ਡਾਊਨਲੋਡ ਕਰਨ ਤੋਂ ਬਚੋ


ਇਨੀਂ ਦਿਨੀਂ ਕਈ ਤਰ੍ਹਾਂ ਦੀਆਂ ਐਪਸ ਮੌਜੂਦ ਹਨ। ਲੋਕ ਕਈ ਵਾਰ ਇਹ ਐਪਸ ਡਾਊਨਲੋਡ ਕਰ ਲੈਂਦੇ ਹਨ। ਪਰ ਤਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਬਿਨਾਂ ਜਾਣੇ-ਪਛਾਣੇ ਕਿਸੇ ਨੂੰ ਵੀ ਆਪਣੀ ਨਿੱਜੀ ਜਾਣਕਾਰੀ ਨਾ ਦਿਉ। ਨਹੀਂ ਤਾਂ ਤੁਸੀਂ ਠੱਗੀ ਦੇ ਸ਼ਿਕਾਰ ਹੋ ਜਾਓਗੇ। ਇਸ ਨੂੰ ਦੇਖਦਿਆਂ ਗਾਹਕਾਂ ਨੂੰ ਐਸਬੀਆਈ ਨੇ ਅਲਰਟ ਜਾਰੀ ਕੀਤਾ ਹੈ। ਖਾਸ ਤੌਰ 'ਤੇ ਚਾਰ ਐਪਸ ਤੋਂ ਬਚ ਕੇ ਰਹਿਣਾ ਹੈ ਜੋ ਗਾਹਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ।


ਇਨ੍ਹਾਂ ਚਾਰ ਐਪਸ ਤੋਂ ਬਚਕੇ ਰਹੋ


ਐਸਬੀਆਈ ਨੇ ਆਪਣੇ ਗਾਹਕਾਂ ਨੂੰ ਅਲਰਟ ਕਰਦਿਆਂ ਕਿਹਾ ਕਿ Anydesk, Quick Support, Teamviewer ਅਤੇ Mingleview ਐਪ ਭੁੱਲ ਕੇ ਵੀ ਆਪਣੇ ਮੋਬਾਇਲ 'ਚ ਇੰਸਟਾਲ ਨਾ ਕਰੋ। ਇਸ ਦੇ ਨਾਲ ਹੀ ਐਸਬੀਆਈ ਨੇ ਯੂਨੀਫਾਇਡ ਪੇਮੈਂਟ ਸਿਸਟਮ ਨੂੰ ਲੈਕੇ ਵੀ ਅਲਰਟ ਜਾਰੀ ਕੀਤਾ ਹੈ। ਜਿਸ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਅਣਜਾਣ ਸੋਰਸ ਤੋਂ ਯੂਪੀਆਈ ਕਲੈਕਟ ਰਿਕੁਐਸਟ ਜਾਂ ਕਿਊਆਰ ਕੋਡ ਸਵੀਕਾਰ ਨਾ ਕਰੋ।


ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ


ਜੇਕਰ ਤੁਸੀਂ ਠੱਗੀ ਦਾ ਸ਼ਿਕਾਰ ਹੋ ਗਏ ਹੋ ਤਾਂ ਐਸਬੀਆਈ ਦੇ ਕਸਟਮਰ ਕੇਅਰ ਨੰਬਰ 'ਤੇ ਸ਼ਿਕਾਇਤ ਕਰ ਸਕਦੇ ਹੋ। ਇਹ ਨੰਬਰ ਹਨ- 1800111109,9449112211,08026599990.