Viral Photo : ਆਈਫ਼ੋਨ ਹੁਣ ਤੱਕ ਦਾ ਸਭ ਤੋਂ ਮਸ਼ਹੂਰ ਸਮਾਰਟਫ਼ੋਨ ਹੈ। ਸਭ ਤੋਂ ਪੁਰਾਣਾ ਆਈਫ਼ੋਨ ਸਾਲ 2007 'ਚ ਪੇਸ਼ ਕੀਤਾ ਗਿਆ ਸੀ। ਹੁਣ ਦੇਖੋ ਆਈਫ਼ੋਨ ਦਾ ਨਾਂਅ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਇਸ ਸਾਲ ਆਈਫ਼ੋਨ 14 ਸੀਰੀਜ਼ ਨੂੰ ਲਾਂਚ ਕੀਤਾ ਗਿਆ ਹੈ ਪਰ 150 ਸਾਲ ਪੁਰਾਣੀ ਵਾਇਰਲ ਤਸਵੀਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।


ਕੁਝ ਲੋਕਾਂ ਨੂੰ 150 ਸਾਲ ਪੁਰਾਣੀ ਪੇਂਟਿੰਗ 'ਚ ਆਈਫ਼ੋਨ ਵਿਖਾਈ ਦੇ ਰਿਹਾ ਹੈ। ਜਦੋਂ ਤੋਂ ਲੋਕਾਂ ਨੂੰ ਇਹ ਪੇਂਟਿੰਗ ਮਿਲੀ ਹੈ, ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਕੁਝ ਇਸ ਨੂੰ ਫੇਕ ਸਮਝ ਰਹੇ ਹਨ ਤਾਂ ਕੁਝ ਇਸ ਨੂੰ ਸੱਚ ਮੰਨ ਰਹੇ ਹਨ। ਇੱਕ ਨਜ਼ਰ ਮਾਰੋ ਅਤੇ ਦੱਸੋ ਕੀ ਤੁਹਾਨੂੰ ਇਸ ਤਸਵੀਰ 'ਚ ਕੁੜੀ ਦੇ ਹੱਥ 'ਚ ਆਈਫੋਨ ਨਜ਼ਰ ਆ ਰਿਹਾ ਹੈ? ਆਓ ਜਾਣਦੇ ਹਾਂ ਇਸ ਤਸਵੀਰ ਦਾ ਸੱਚ ਕੀ ਹੈ।


ਲੋਕਾਂ ਨੂੰ ਨਜ਼ਰ ਆਇਆ ਲੜਕੀ ਦੇ ਹੱਥ 'ਚ ਆਈਫੋਨ


ਪੇਂਟਿੰਗ ਨੂੰ 'ਦ ਐਕਸਪੈਕਟਿਡ ਵਨ' ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ 1860 'ਚ ਆਸਟ੍ਰੀਆ ਦੇ ਚਿੱਤਰਕਾਰ ਫਰਡੀਨੈਂਡ ਜਾਰਜ ਵਾਲਡਮੁਲਰ ਵੱਲੋਂ ਬਣਾਇਆ ਗਿਆ ਸੀ। ਪੇਂਟਿੰਗ 'ਚ ਇੱਕ ਅੱਲ੍ਹੜ ਲੜਕੀ ਪਹਾੜਾਂ ਦੇ ਵਿਚਕਾਰ ਇੱਕ ਰਸਤੇ 'ਤੇ ਤੁਰਦੀ ਦਿਖਾਈ ਦੇ ਰਹੀ ਹੈ। ਰਸਤੇ 'ਚ ਥੋੜ੍ਹਾ ਅੱਗੇ ਇੱਕ ਮੁੰਡਾ ਹੱਥਾਂ 'ਚ ਫੁੱਲ ਲੈ ਕੇ ਬੇਸਬਰੀ ਨਾਲ ਇੰਤਜ਼ਾਰ ਕਰਦਾ ਦਿਖਾਈ ਦਿੰਦਾ ਹੈ। ਪਰ ਪੇਂਟਿੰਗ ਦਾ ਸਭ ਤੋਂ ਅਜੀਬ ਹਿੱਸਾ ਕੁੜੀ ਦੇ ਹੱਥ ਵਿੱਚ ਇੱਕ ਛੋਟਾ ਆਇਤਾਕਾਰ ਬਾਕਸ ਹੈ, ਜਿਸ ਨੂੰ ਉਹ ਧਿਆਨ ਨਾਲ ਦੇਖ ਰਹੀ ਹੈ, ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਬਾਕਸ ਇੱਕ ਆਈਫ਼ੋਨ ਹੈ ਅਤੇ ਉਹ ਆਈਫ਼ੋਨ ਨੂੰ ਸਕ੍ਰੋਲ ਕਰ ਰਹੀ ਹੈ।



150 ਸਾਲ ਪੁਰਾਣੀ ਤਸਵੀਰ ਦੀ ਸੱਚਾਈ


ਇਸ ਪੂਰੇ ਤਰਕ ਨੂੰ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਪੀਟਰ ਰਸਲ ਹਨ। VICE ਦੀ ਇੱਕ ਰਿਪੋਰਟ ਦੇ ਅਨੁਸਾਰ ਰਸਲ ਅਤੇ ਉਸ ਦੇ ਦੋਸਤ ਇੱਕ ਕਲਾ ਅਜਾਇਬ ਘਰ ਗਏ ਸਨ, ਜਿੱਥੇ 18ਵੀਂ ਅਤੇ 19ਵੀਂ ਸਦੀ ਦੀਆਂ ਕਲਾਕ੍ਰਿਤੀਆਂ ਹਨ। ਇਹ ਉਹ ਥਾਂ ਹੈ ਜਿੱਥੇ ਰਸਲ ਨੇ 'ਦਿ ਐਕਸਪੈਕਟਡ ਵਨ' ਨੂੰ ਦੇਖਿਆ ਅਤੇ ਤੁਰੰਤ ਕਿਹਾ ਕਿ ਪੇਂਟਿੰਗ ਵਿਚਲੀ ਕੁੜੀ ਕੋਲ ਆਈਫ਼ੋਨ ਹੈ। ਹੁਣ ਸੱਚ ਕੀ ਹੈ? ਆਓ ਦੱਸਦੇ ਹਾਂ।


ਜਵਾਬ ਕਾਫ਼ੀ ਸੌਖਾ ਹੈ ਅਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਓਨਾ ਦਿਲਚਸਪ ਨਹੀਂ ਹੈ। ਕਲਾ ਮਾਹਿਰਾਂ ਨੇ ਖੁਲਾਸਾ ਕੀਤਾ ਹੈ ਕਿ ਲੜਕੀ ਨੇ ਸਿਰਫ਼ ਪ੍ਰਾਰਥਨਾ ਪੁਸਤਕ ਫੜੀ ਹੋਈ ਹੈ। ਇਹ ਤਸਵੀਰ ਇੱਕ ਅਜਿਹੀ ਲੜਕੀ ਵਿਚਕਾਰ ਅੰਤਰ ਨੂੰ ਵਿਖਾ ਰਹੀ ਹੈ, ਜੋ ਆਪਣੇ ਵਿਸ਼ਵਾਸ ਪ੍ਰਤੀ ਸਮਰਪਿਤ ਹੈ ਅਤੇ ਇੱਕ ਮੁੰਡਾ ਉਸ ਲਈ ਆਪਣੇ ਪਿਆਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਕਲਪਨਾ ਕਰਨਾ ਯਕੀਨੀ ਤੌਰ 'ਤੇ ਮਜ਼ੇਦਾਰ ਹੈ!