ਵਾਇਰਲ ਵੀਡੀਓ: ਜਦੋਂ ਇਨਸਾਨੀਅਤ ਹੋਈ ਸ਼ਰਮਸਾਰ, ਬੇਜ਼ੁਬਾਨ 'ਤੇ ਕਹਿਰ
ਏਬੀਪੀ ਸਾਂਝਾ | 10 May 2019 04:42 PM (IST)
ਭਾਲੂ ਮਨੁੱਖਾਂ ਦੇ ਅਣਮਨੁੱਖੀ ਵਤੀਰੇ ਦਾ ਸ਼ਿਕਾਰ ਹੁੰਦੇ ਵਿਖਾਈ ਦਿੰਦੇ ਹਨ। ਦੋਵੇਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦੇ ਦਰਾਸ ਖੇਤਰ ਤੋਂ ਹੈਰਾਨ ਕਰਨ ਵਾਲੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਭਾਲੂ ਮਨੁੱਖਾਂ ਦੇ ਅਣਮਨੁੱਖੀ ਵਤੀਰੇ ਦਾ ਸ਼ਿਕਾਰ ਹੁੰਦੇ ਵਿਖਾਈ ਦਿੰਦੇ ਹਨ। ਦੋਵੇਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ ਵਿੱਚ ਭੂਰੇ ਰੰਗ ਦਾ ਭਾਲੂ ਰਿਹਾਇਸ਼ੀ ਇਲਾਕੇ ਵਿੱਚ ਲਾਈ ਕੰਡਿਆਲੀ ਤਾਰ ਵਿੱਚ ਫਸ ਜਾਂਦਾ ਹੈ। ਉਹ ਕਾਫੀ ਜੱਦੋ-ਜਹਿਦ ਕਰਦਾ ਵਿਖਾਈ ਦੇ ਰਿਹਾ ਹੈ ਪਰ ਉਸ ਦਾ ਪੈਰ ਜਕੜਿਆ ਰਹਿੰਦਾ ਹੈ। ਦੂਜੇ ਵੀਡੀਓ ਵਿੱਚ ਭਾਲੂ ਪਹਾੜੀ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਪਰ ਲੋਕ ਉਸ ਨੂੰ ਭਜਾਉਣ ਲਈ ਪੱਥਰ ਮਾਰਦੇ ਹਨ। ਇਸੇ ਦੌਰਾਨ ਭਾਲੂ ਸੰਤੁਲਨ ਗੁਆ ਬਹਿੰਦਾ ਹੈ ਤੇ ਪਹਾੜੀ ਤੋਂ ਹੇਠਾਂ ਵਗਦੀ ਨਦੀ ਵਿੱਚ ਜਾ ਡਿੱਗਦਾ ਹੈ। ਹੇਠਾਂ ਡਿੱਗਦਾ ਹੋਇਆ ਭਾਲੂ ਪਹਾੜੀ ਦੀਆਂ ਚੱਟਾਨਾਂ 'ਤੇ ਕਈ ਵਾਰ ਬੜੀ ਜ਼ੋਰ ਨਾਲ ਵੱਜਦਾ ਵੀ ਹੈ। ਇਨ੍ਹਾਂ ਵੀਡੀਓਜ਼ ਨੂੰ ਸਾਬਕਾ ਕਸ਼ਮੀਰ ਦੇ ਸਾਬਕਾ ਸੈਰ ਸਪਾਟਾ ਨਿਰਦੇਸ਼ਕ ਮਹਿਮੂਦ ਅਹਿਮਦ ਸ਼ਾਹ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਲਿਖਿਆ ਹੈ ਕਿ ਜੋ ਅੱਜ ਦਰਾਸ ਵਿੱਚ ਹੋਇਆ ਬੇਹੱਦ ਭਿਆਨਕ ਸੀ। ਸ਼ਾਹ ਨੇ ਦੱਸਿਆ ਕਿ ਡਬਲਿਊਡਬਲਿਊਐਫ ਨਾਲ ਜੁੜੇ ਹੋਏ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਇਹ ਵੀਡੀਓਜ਼ ਭੇਜੀਆਂ ਹਨ। ਵੀਡੀਓ ਤੋਂ ਸਾਫ ਜਾਪਦਾ ਹੈ ਕਿ ਭਾਲੂ ਨੂੰ ਗੰਭੀਰ ਸੱਟਾਂ ਵੱਜੀਆਂ ਹੋਣਗੀਆਂ, ਪਰ ਕੀ ਉਹ ਜਿਊਂਦਾ ਬਚਿਆ ਹੈ ਜਾਂ ਉਸ ਦੀ ਮੌਤ ਹੋ ਗਈ ਹੈ, ਇਹ ਕਹਿਣਾ ਔਖਾ ਹੈ।