ਫਗਵਾੜਾ: ਸ਼ਹਿਰ ਵਿੱਚ 5 ਹਜ਼ਾਰ ਰੁਪਏ ਵਾਲਾ ਸੂਟ 395 ਰੁਪਏ ਵਿੱਚ ਦੇਣ ਦੇ ਐਲਾਨ ਨੇ ਵੱਡਾ ਹੰਗਾਮਾ ਖੜ੍ਹ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਮੈਸੇਜ਼ ਵਾਇਰਲ ਹੋਣ ਮਗਰੋਂ ਸੈਂਕੜੇ ਔਰਤਾਂ ਆਪਣੇ ਰਿਸ਼ਤੇਦਾਰਾਂ ਨਾਲ ਦੁਕਾਨ 'ਤੇ ਪਹੁੰਚ ਗਈਆਂ ਜਿਸ ਮਗਰੋਂ ਹਾਹਾਕਾਰ ਮੱਚ ਗਈ।
ਦਰਅਸਲ ਫਗਵਾੜਾ ਦੇ ‘ਆਸ਼ੂ ਦੀ ਹੱਟੀ’ ਨਾਮੀ ਕੱਪੜੇ ਦੇ ਪ੍ਰਸਿੱਧ ਵਪਾਰੀ ਵੱਲੋਂ ਸੋਸ਼ਲ ਮੀਡੀਆ ’ਤੇ 4 ਅਗਸਤ ਨੂੰ ਤੜਕੇ 3 ਤੋਂ 5 ਵਜੇ ਤੱਕ ਦੋ ਘੰਟੇ ਦੀ ਸੇਲ ’ਚੋਂ ਸੂਟ ਖਰੀਦਣ ਵਾਲੀਆਂ ਔਰਤਾਂ ਨੂੰ 5 ਹਜ਼ਾਰ ਰੁਪਏ ਵਾਲਾ ਸੂਟ 395 ਰੁਪਏ ਵਿੱਚ ਦੇਣ ਦਾ ਐਲਾਨ ਕੀਤਾ ਸੀ। ਦੁਕਾਨਦਾਰ ਨੇ ਇਸ ਕੰਮ ਲਈ ਕਰੀਬ 700 ਟੋਕਨ ਕੱਟੇ ਸਨ ਪਰ ਭੀੜ ਇੰਨੀ ਇਕੱਠੀ ਹੋ ਗਈ ਕਿ ਦੁਕਾਨਦਾਰ ਨੇ 75 ਜਣਿਆਂ ਨੂੰ ਸੂਟ ਦੇਣ ਮਗਰੋਂ ਆਪਣੀ ਦੁਕਾਨ ਬੰਦ ਕਰ ਲਈ।
ਇਸ ਤੋਂ ਭੜਕੇ ਲੋਕਾਂ ਨੇ ਦੁਕਾਨ ਅੱਗੇ ਧਰਨਾ ਲਾ ਕੇ ਦੁਕਾਨਦਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਬੰਗਾ-ਚੰਡੀਗੜ੍ਹ ਨੂੰ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ। ਪੁਲਿਸ ਨੇ ਦੁਕਾਨਦਾਰ ਤੇ ਉਸ ਦੇ ਕਰਿੰਦਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋਏ।
ਹਾਸਲ ਜਾਣਕਾਰੀ ਅਨੁਸਾਰ ਸਸਤੇ ਸੂਟ ਲੈਣ ਲਈ ਔਰਤਾਂ ਦੇਰ ਸ਼ਾਮ ਤੋਂ ਇਥੇ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਤੜਕੇ ਦੁਕਾਨ ਦੇ ਦੋਵੇਂ ਪਾਸੇ ਅੱਧਾ-ਅੱਧਾ ਕਿਲੋਮੀਟਰ ਤੋਂ ਲੰਮੀਆਂ ਕਤਾਰਾਂ ਲੱਗ ਗਈਆਂ। ਦੁਕਾਨਦਾਰ ਨੇ ਕਰੀਬ 700 ਟੋਕਨ ਕੱਟੇ ਸਨ ਪਰ ਇਕੱਠ ਜ਼ਿਆਦਾ ਹੋਣ ਕਾਰਨ ਉਥੇ ਹੰਗਾਮਾ ਹੋ ਗਿਆ ਤੇ ਦੁਕਾਨਦਾਰ ਨੇ ਗਾਹਕਾਂ ਨੂੰ ਦੁਕਾਨ ਤੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਲੋਕ ਭੜਕ ਗਏ।
ਸਸਤੇ ਸੂਟ ਲੈਣ ਵਾਲੀਆਂ ਔਰਤਾਂ ਆਪਣੇ ਪਰਿਵਾਰਾਂ ਸਮੇਤ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਗੁਰਦਾਸਪੁਰ ਤੇ ਮਾਨਸਾ ਆਦਿ ਜ਼ਿਲ੍ਹਿਆ ਤੋਂ ਬੀਤੀ ਦੇਰ ਰਾਤ ਹੀ ਇਥੇ ਆ ਗਈਆਂ ਸਨ।
ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਰੋਂ ਆਏ ਲੋਕ ਸ਼ਾਂਤ ਹੋਣ ਨੂੰ ਤਿਆਰ ਨਹੀਂ ਸਨ ਜਿਸ ਕਾਰਨ ਪੁਲਿਸ ਨੂੰ ਬੰਦ ਦੁਕਾਨ ਅੱਗੇ ਫ਼ੋਰਸ ਵੀ ਤਾਇਨਾਤ ਕਰਨੀ ਪਈ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ।
ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧ ’ਚ ਦੁਕਾਨ ਮਾਲਕ ਆਸ਼ੂ ਦੁੱਗਲ ਉਰਫ਼ ਅਰਮੇਸ਼ ਕੁਮਾਰ ਵਾਸੀ ਮੁਹੱਲਾ ਪ੍ਰਭਾਕਰ ਹਦੀਆਬਾਦ ਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।