ਮੈਲਬਰਨ: ਕਿਸਾਨ ਅੰਦੋਲਨ ਵਿੱਚ ਹਰ ਕੋਈ ਆਪਣੇ-ਆਪਣੇ ਢੰਗ ਨਾਲ ਯੋਗਦਾਨ ਪਾ ਰਿਹਾ ਹੈ। ਹੁਣ ਆਸਟ੍ਰੇਲੀਆ ਤੋਂ ਖਬਰ ਆਈ ਹੈ ਜਿੱਤੇ ਪੰਜਾਬਣ ਨੇ ਕਿਸਾਨਾਂ ਦੇ ਹੱਕ ਵਿੱਚ 15 ਹਜ਼ਾਰ ਫੁੱਟ ਤੋਂ ਛਾਲ ਮਾਰ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਦੀ ਹਮਾਇਤ 'ਚ ਪੰਜਾਬੀ ਵਿਦਿਆਰਥਣ ਵੱਲੋਂ ਅਸਮਾਨ ਤੋਂ ਹਜ਼ਾਰਾਂ ਫੁੱਟ ਤੋਂ ਛਾਲ ਮਾਰੀ ਗਈ। ਬਲਜੀਤ ਕੌਰ ਨਾਂ ਦੀ ਇਹ ਲੜਕੀ ਇੱਥੇ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਹੈ ਤੇ 2017 'ਚ ਆਸਟ੍ਰੇਲੀਆ 'ਚ ਪੜ੍ਹਨ ਆਈ ਸੀ। ਕਿਸਾਨਾਂ ਦੇ ਹੱਕ 'ਚ ਉਹ ਸੇਂਟ ਕਿਲਡਾ ਨੇੜੇ ਸਕਾਈਡਵਾਈਡ 'ਤੇ ਗਈ।

ਛਾਲ ਮਾਰਨ ਵੇਲੇ ਉਸ ਨੇ ਖ਼ਾਸ ਕਿਸਮ ਦੇ ਕੱਪੜੇ ਪਹਿਨੇ ਹੋਏ ਸਨ ਜਿਸ ਉੱਪਰ ਕਿਸਾਨਾਂ ਦੇ ਹੱਕ 'ਚ ਸਮਰਥਨ ਦਰਸਾਉਂਦਾ ਸੀ। ਉਹ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਕਾਫ਼ੀ ਪ੍ਰੇਸ਼ਾਨ ਸੀ ਤੇ ਉਸ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਉਸ ਦੇ ਬਹੁਤ ਸਾਰੇ ਰਿਸ਼ਤੇਦਾਰ, ਪਰਿਵਾਰਕ ਮੈਂਬਰ ਦਿੱਲੀ 'ਚ ਕੜਾਕੇ ਦੀ ਸਰਦੀ 'ਚ ਇਸ ਅੰਦੋਲਨ 'ਚ ਹਿੱਸਾ ਲੈ ਰਹੇ ਹਨ।

ਬਲਜੀਤ ਕੌਰ ਨੇ ਆਖਿਆ ਕਿ ਉਹ ਕਿਸਾਨਾਂ ਦੇ ਹੱਕ 'ਚ ਵੱਖਰੇ ਤੌਰ 'ਤੇ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ। ਇਸ ਕਰਕੇ ਮੈਂ 15 ਹਜ਼ਾਰ ਫੁੱਟ ਤੋਂ ਛਾਲ ਮਾਰਨ ਬਾਰੇ ਸੋਚਿਆ ਕਿਉਂਕਿ ਸਰਕਾਰਾਂ ਨੂੰ ਹੇਠਾਂ ਤਾਂ ਲੋਕ ਦਿੱਸਦੇ ਨਹੀਂ ਪਰ ਮੈਂ ਅਸਮਾਨ ਤੋਂ ਛਾਲ ਮਾਰ ਕੇ ਦੱਸਣਾ ਚਾਹੁੰਦੀ ਸੀ।

ਬਲਜੀਤ ਕੌਰ ਨੇ ਦੱਸਿਆ ਕਿ ਇਹ ਬਹੁਤ ਮਹਿੰਗਾ ਕੰਮ ਸੀ ਕਿਉਂਕਿ ਮੈਂ ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਹਾਂ ਪਰ ਮੈਂ ਭਾਰਤ ਸਰਕਾਰ ਦੇ ਇਸ ਕਾਨੂੰਨ ਦਾ ਸਖ਼ਤ ਸ਼ਬਦਾਂ 'ਚ ਵਿਰੋਧ ਕਰਦੀ ਹਾਂ। ਉਸ ਨੇ ਕਿਹਾ ਕਿ ਮੇਰੇ ਪਿਤਾ ਵੀ ਕਿਸਾਨ ਹਨ। ਉਸ ਨੇ ਕਿਹਾ ਕਿ ਇਹ ਸਭ ਸੌਖਾ ਨਹੀਂ ਸੀ ਪਰ ਮੇਰੇ ਤੋਂ ਕਿਸਾਨਾਂ ਦਾ ਦਰਦ ਵੀ ਜਰਿਆ ਨਹੀਂ ਜਾਂਦਾ। ਬਲਜੀਤ ਕੌਰ ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਪਿੰਡ ਰੁੜਕਾ ਦੀ ਰਹਿਣ ਵਾਲੀ ਹੈ।