ਨਵੀਂ ਦਿੱਲੀ: ਦੇਸ਼ ਦਾ ਨਿਰਯਾਤ ਦਸੰਬਰ, 2020 'ਚ 0.8 ਫੀਸਦ ਘਟ ਕੇ 26.89 ਅਰਬ ਡਾਲਰ ਰਹਿ ਗਿਆ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਨਿਰਯਾਤ 'ਚ ਗਿਰਾਵਟ ਆਈ ਹੈ। ਉੱਥੇ ਹੀ ਆਯਾਤ ਵਧਣ ਕਾਰਨ ਦਸੰਬਰ 'ਚ ਵਪਾਰਕ ਘਾਟਾ ਵਧ ਕੇ 15.71 ਅਰਬ ਡਾਲਰ 'ਤੇ ਪਹੁੰਚ ਗਿਆ। ਦਸੰਬਰ, 2019 'ਚ ਨਿਰਯਾਤ 27.11 ਅਰਬ ਡਾਲਰ ਰਿਹਾ ਸੀ। ਨਵੰਬਰ 'ਚ ਨਿਰਯਾਤ 'ਚ 8.74 ਫੀਸਦ ਗਿਰਾਵਟ ਆਈ ਸੀ।
ਵਣਜ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ, ਦਸੰਬਰ 'ਚ ਆਯਾਤ 7.6 ਫੀਸਦ ਵਧ ਕੇ 42.6 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਨਾਲ ਵਪਾਰਕ ਘਾਟਾ ਵਧ ਕੇ 15.71 ਅਰਬ ਡਾਲਰ ਹੋ ਗਿਆ। ਦਸੰਬਰ 2019 'ਚ ਆਯਾਤ 39.5 ਅਰਬ ਡਾਲਰ ਰਿਹਾ ਸੀ। ਆਯਾਤ ਨੇ 9 ਮਹੀਨੇ ਬਾਅਦ ਸਾਕਾਰਾਤਮਕ ਵਾਧਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਆਯਾਤ 2.48 ਫੀਸਦ ਵਧਿਆ ਸੀ।
ਵਪਾਰਕ ਘਾਟਾ 25.78 ਫੀਸਦ ਵਧਿਆ।
ਮੰਤਰਾਲੇ ਨੇ ਬਿਆਨ 'ਚ ਕਿਹਾ, 'ਦਸੰਬਰ, 2020 'ਚ ਭਾਰਤ ਸ਼ੁੱਧ ਆਯਾਤਕ ਰਿਹਾ ਹੈ। ਇਸ ਦੌਰਾਨ ਵਪਾਰਕ ਘਾਟਾ 15.71 ਅਰਬ ਡਾਲਰ ਰਿਹਾ। ਦਸੰਬਰ 2019 'ਚ ਵਪਾਰਕ ਘਾਟਾ 12.49 ਅਰਬ ਡਾਲਰ ਰਿਹਾ ਸੀ। ਇਸ ਤਰ੍ਹਾਂ ਵਪਾਰਕ ਘਾਟਾ 25.78 ਫੀਸਦ ਵਧਿਆ ਹੈ।
ਆਯਾਤ ਤੇ ਨਿਰਯਾਤ ਦਾ ਅੰਤਰ ਵਪਾਰਕ ਘਾਟਾ ਕਹਾਉਂਦਾ ਹੈ। ਵਪਾਰਕ ਘਾਟਾ ਜੁਲਾਈ 2020 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਜੂਨ 2020 'ਚ ਦੇਸ਼ ਵਪਾਰ ਸਰਪਲੱਸ ਦੀ ਸਥਿਤੀ 'ਚ ਸੀ। ਚਾਲੂ ਵਿੱਤੀ ਵਰ੍ਹੇ ਦੀ ਅਪ੍ਰੈਲ-ਦਸੰਬਰ ਦੇ ਸਮੇਂ 'ਚ ਦੇਸ਼ ਦਾ ਵਸਤੂਆਂ ਦਾ ਨਿਰਯਾਤ 15.8 ਫੀਸਦ ਘਟ ਕੇ 200.55 ਅਰਬ ਡਾਲਰ ਰਿਹਾ ਹੈ। ਇਸ ਨਾਲ ਪਿਛਲੇ ਵਿੱਤੀ ਵਰ੍ਹੇ ਦੀ ਇਸ ਸਮੇਂ ਨਿਰਯਾਤ ਦਾ ਅੰਕੜਾ 238.27 ਅਰਬ ਡਾਲਰ ਸੀ।
ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਨੌ ਮਹੀਨੇ 'ਚ ਆਯਾਤ 29.08 ਫੀਸਦ ਦੀ ਗਿਰਾਵਟ ਨਾਲ 258.29 ਅਰਬ ਡਾਲਰ 'ਤੇ ਆ ਗਿਆ। ਇਸ ਤੋਂ ਪਿਛਲੇ ਸਾਲ ਦੇ ਇਸ ਸਮੇਂ ਦੌਰਾਨ ਆਯਾਤ 364.18 ਅਰਬ ਡਾਲਰ ਰਿਹਾ ਸੀ। ਦਸੰਬਰ, 2020 'ਚ ਕੱਚੇ ਤੇਲ ਦਾ ਆਯਾਤ 10.37 ਫੀਸਦ ਘਟ ਕੇ 9.61 ਅਰਬ ਡਾਲਰ ਰਹਿ ਗਿਆ। ਚਾਲੂ ਵਿੱਤੀ ਵਰ੍ਹੇ ਦੇ ਪਹਿਲੇ 9 ਮਹੀਨੇ ਅਪ੍ਰੈਲ-ਦਸੰਬਰ 'ਚ ਤੇਲ ਆਯਾਤ 44.64 ਫੀਸਦ ਘਟ ਕੇ 53.71 ਅਰਬ ਡਾਲਰ ਰਿਹਾ ਹੈ।
ਕਿੰਨਾ ਆਯਾਤ ਵਧਿਆ?
2020 'ਚ ਦਲਹਨ ਆਯਾਤ 'ਚ 245.15 ਫੀਸਦ ਦਾ ਵਾਧਾ ਹੋਇਆ। ਸੋਨੇ ਦਾ ਆਯਾਤ 81.82 ਫੀਸਦ, ਬਨਸਪਤੀ ਤੇਲ ਦਾ 43.50 ਫੀਸਦ, ਰਸਾਇਣ ਦਾ 23.30 ਫੀਸਦ, ਇਲੈਕਟ੍ਰੌਨਿਕਸ ਸਮਾਨ ਦਾ 20.90 ਫੀਸਦ, ਮਸ਼ੀਲ ਟੂਲ ਦਾ 13.46 ਫੀਸਦ, ਬਹੁਮੁੱਲੇ ਰਤਨਾਂ ਦਾ 7.81 ਫੀਸਦ ਆਯਾਤ ਵਧਿਆ। ਸਮੀਖਿਆ ਅਧੀਨ ਮਹੀਨੇ 'ਚ ਚਾਂਦੀ, ਅਖਬਾਰੀ ਕਾਗਜ਼, ਟਰਾਂਸਪੋਰਟ ਉਪਕਰਣਾ ਆਦਿ ਦੇ ਆਯਾਤ 'ਚ ਗਿਰਾਵਟ ਆਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ