ਦਿੱਲੀ-ਐਨਸੀਆਰਸੀ ਦੇ ਕਈ ਹਿੱਸਿਆਂ 'ਚ ਅੱਜ ਤੜਕੇ ਬੱਦਲ ਗਰਜਨ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਹੁਣ ਤਾਪਮਾਨ 'ਚ 3-5 ਡਿਗਰੀ ਸੈਲਸੀਅਸ ਗਿਰਾਵਟ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦੀ ਵਜ੍ਹਾ ਨਾਲ ਰਾਜਧਾਨੀ ਤੇ ਆਸਪਾਸ ਸ਼ਹਿਰਾਂ ਦੇ ਕੁਝ ਹਿੱਸਿਆਂ 'ਚ ਬਾਰਸ਼ ਹੋਣ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਦੱਸਿਆ, ਦੱਖਣੀ-ਦਿੱਲੀ ਦੇ ਕੁਝ ਹਿੱਸਿਆਂ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਹਲਕੀ ਤੋਂ ਮੱਧ ਤੀਬਰਤਾ ਵਾਲੀ ਬਾਰਸ਼ ਦੇ ਨਾਲ ਹਨ੍ਹੇਰੀ ਚੱਲੀ।


ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਤਿੰਨ ਜਨਵਰੀ ਦਿੱਲੀ-ਐਨਸੀਆਰ 'ਚ ਗਰਜ-ਚਮਕ ਦੇ ਨਾਲ ਬਾਰਸ਼ ਹੋਵੇਗੀ। ਮੌਸਮ ਵਿਭਾਗ ਦੀ ਚੇਤਾਵਨੀ ਦੇ ਮੁਤਾਬਕ, ਭਾਰੀ ਬਾਰਸ਼ ਦੇ ਨਾਲ ਗੜ੍ਹੇ ਵੀ ਡਿੱਗਣਗੇ। 4-5 ਜਨਵਰੀ ਨੂੰ ਵੀ ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਪੰਜਾਬ 'ਚ ਭਾਰੀ ਬਾਰਸ਼ 'ਤੇ ਗੜ੍ਹੇ ਪੈਣਗੇ।


ਉੱਤਰੀ ਭਾਰਤ 'ਚ ਕੱਲ੍ਹ ਹੋਈ ਸੀ ਹਲਕੀ ਬਾਰਸ਼


ਉੱਤਰੀ ਭਾਰਤ 'ਚ ਜਾਰੀ ਸੀਤ ਲਹਿਰ ਦੇ ਵਿਚ ਸ਼ਨੀਵਾਰ ਜ਼ਿਆਦਤਰ ਹਿੱਸਿਆਂ 'ਚ ਹਲਕੀ ਬਾਰਸ਼ ਤੇ ਬਰਫਬਾਰੀ ਦਰਜ ਕੀਤੀ ਗਈ ਸੀ। ਉੱਥੇ ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ 7.3 ਡਿਗਰੀ ਸੈਲਸੀਅਸ ਚਲਾ ਗਿਆ ਸੀ। ਆਈਐਮਡੀ ਦੇ ਇਕ ਅਧਿਕਾਰੀ ਨੇ ਕਿਹਾ, 'ਸਾਡੇ ਅੰਦਾਜ਼ੇ ਮੁਤਾਬਕ, ਪੱਛਮੀ ਗੜਬੜੀ ਦਾ ਅਸਰ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ 'ਤੇ ਸ਼ੁਰੂ ਹੋ ਗਿਆ ਹੈ। ਪਾਲਮ 'ਚ 0.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਰਿਜ, ਆਯਾਨਗਰ ਤੇ ਲੋਧੀ ਰੋਡ 'ਚ ਬੂੰਦਾਬਾਦੀ ਹੋਈ ਹੈ।


ਇਸ ਦਰਮਿਆਨ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਮੰਗਲਵਾਰ ਨੂੰ ਭਾਰੀ ਬਰਫਬਾਰੀ ਨੂੰ ਲੈਕੇ ਮੌਸਮ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਿਮਲਾ ਦੇ ਮੌਸਮ ਕੇਂਦਰ ਨੇ ਤਿੰਨ ਤੋਂ ਪੰਜ ਜਨਵਰੀ ਤੇ ਅੱਠ ਜਨਵਰੀ ਨੂੰ ਸੂਬੇ ਦੇ ਮੈਦਾਨੀ ਇਲਾਕਿਆਂ 'ਚ ਬਾਰਸ਼ ਜਦਕਿ ਉੱਚੇ ਪਰਬਤੀ ਖੇਤਰਾਂ 'ਚ ਬਾਰਸ਼ ਤੇ ਬਰਫਬਾਰੀ ਦੀ ਭਵਿੱਖਬਾਣੀ ਜਤਾਈ ਜਾਂਦੀ ਹੈ। ਇਸ ਦੇ ਨਾਲ ਹੀ ਮੌਸਮ ਕੇਂਦਰ ਨੇ ਪੰਜ ਜਨਵਰੀ ਲਈ ਪਰਬਤੀ ਖੇਤਰਾਂ 'ਚ ਭਾਰੀ ਬਰਫਬਾਰੀ ਨੂੰ ਲੈਕੇ ਯੈਲੋ ਚੇਤਾਵਨੀ ਜਾਰੀ ਕੀਤੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ