ਪਟਨਾ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰਾ ਦੀਆਂ ਅੰਤਿਮ ਰਸਮਾਂ ਬੇਸ਼ੱਕ ਸਰਕਾਰੀ ਸਨਮਾਨਾਂ ਨਾਲ ਕੀਤੀਆਂ ਗਈਆਂ ਪਰ ਇਸ ਦੌਰਾਨ ਬਿਹਾਰ ਪੁਲਿਸ ਨੂੰ ਬੇਹੱਦ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਾਬਕਾ ਮੁੱਖ ਮੰਤਰੀ ਨੂੰ 22 ਬੰਦੂਕਾਂ ਦੀ ਸਲਾਮੀ ਦਿੱਤੀ ਜਾਣੀ ਸੀ ਪਰ ਐਨ ਮੌਕੇ ਇੱਕ ਵੀ ਬੰਦੂਕ ਨਹੀਂ ਚੱਲੀ।

ਮਿਸ਼ਰਾ ਦਾ ਦਾਹ ਸੰਸਕਾਰ ਉਨ੍ਹਾਂ ਦੇ ਸੁਪਾਉਲ ਜ਼ਿਲ੍ਹੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਲੂਆ ਬਾਜ਼ਾਰ ਵਿੱਚ ਕੀਤਾ ਗਿਆ। ਇਸ ਦੌਰਾਨ ਪੁਲਿਸ ਦੀ ਇਹ ਨਿਮੋਸ਼ੀਜਨਕ ਹਰਕਤ ਸਾਹਮਣੇ ਆ ਗਈ। ਇਸ ਤੋਂ ਬਾਅਦ ਸਥਾਨਕ ਟੈਲੀਵਿਜ਼ਨ ਚੈਨਲਾਂ ਨੇ ਪੁਲਿਸ ਦੀ ਇਸ ਨਾਅਹਿਲੀਅਤ ਦਾ ਪਰਦਾਫਾਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੀਡੀਓ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ।

ਸੁਪਾਉਲ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਇਸ ਨੂੰ ਵੱਡੀ ਭੁੱਲ ਮੰਨਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ, ਇਹ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਗ਼ਲਤੀ ਸੀ। ਪੁਲਿਸ ਦੀਆਂ ਬੰਦੂਕਾਂ ਚਾਲੂ ਹਾਲਾਤ ਵਿੱਚ ਹੋਣ ਤੇ ਉਨ੍ਹਾਂ ਵਿੱਚ ਪੈਣ ਵਾਲੇ ਰੌਂਦ ਵੀ ਸਹੀ ਹੋਣ, ਇਹ ਪਹਿਲਾਂ ਤੋਂ ਹੀ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ।

ਉੱਚ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਸੁਪਾਉਲ ਦੇ ਪੁਲਿਸ ਮੁਖੀ ਤੋਂ ਜਵਾਬ ਤਲਬ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜੇਕਰ ਪੁਲਿਸ ਮੁਲਾਜ਼ਮ ਇਨ੍ਹਾਂ ਬੇਕਾਰ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਕਾਬੂ ਕਰਨ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ।

ਦੇਖੋ ਵੀਡੀਓ-