ਨਵੀਂ ਦਿੱਲੀ: ਇੰਡੋਨੇਸ਼ੀਆ ਦੀ ਸਰਕਾਰ ਨੇ ਰੂਸੀ ਸੋਸ਼ਲ ਮੀਡੀਆ ਇਨਫਲੂਏਂਸਰ ਏਲੀਨਾ ਫਜ਼ਲੀਵਾ ਤੇ ਉਨ੍ਹਾਂ ਦੇ ਪਤੀ ਨੂੰ ਸੱਭਿਆਚਾਰ ਨਾਲ ਛੇੜਛਾੜ ਕਰਨ ਤੇ ਪਵਿੱਤਰ ਥਾਂ 'ਤੇ ਨਗਨ ਫ਼ੋਟੋਆਂ ਖਿਚਵਾਉਣ ਲਈ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ। ਇਹੀ ਨਹੀਂ, ਇੰਡੋਨੇਸ਼ੀਆ ਦੀ ਸਰਕਾਰ ਨੇ ਦੇਸ਼ ਛੱਡਣ ਤੋਂ ਪਹਿਲਾਂ ਸਜ਼ਾ ਵਜੋਂ ਉਨ੍ਹਾਂ ਤੋਂ ਪਵਿੱਤਰ ਸਥਾਨ ਦੀ ਸਫ਼ਾਈ ਵੀ ਕਰਵਾਈ। ਹਾਲਾਂਕਿ ਏਲੀਨਾ ਫਜ਼ਲੀਵਾ ਅਤੇ ਉਸ ਦੇ ਪਤੀ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਆਪਣੇ ਗ਼ਲਤ ਕੰਮਾਂ ਨਾਲ ਲੋਕਾਂ ਦਾ ਦਿਲ ਦੁਖਾਇਆ।

ਦਰਅਸਲ, ਇਹ ਪੂਰੀ ਘਟਨਾ ਇੰਡੋਨੇਸ਼ੀਆ ਦੇ ਬਾਲੀ ਟਾਪੂ 'ਤੇ ਵਾਪਰੀ ਹੈ। ਏਲੀਨਾ ਫਜ਼ਲੀਵਾ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ 'ਤੇ ਹਜ਼ਾਰਾਂ ਫੌਲੋਅਰਜ਼ ਹਨ। ਉਨ੍ਹਾਂ ਨੇ ਤਬਨਾਨ ਜ਼ਿਲ੍ਹੇ ਦੇ ਬਹੁਤ ਹੀ ਪ੍ਰਾਚੀਨ ਮੰਦਰ 'ਚ 700 ਸਾਲ ਪੁਰਾਣੇ ਬੋਹੜ ਦੇ ਦਰੱਖਤ ਕੋਲ ਨਗਨ ਪੋਜ਼ ਦਿੱਤੇ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ 'ਤੇ ਪੋਸਟ ਕੀਤਾ। ਇਹ ਤਸਵੀਰ ਏਲੀਨਾ ਦੇ ਪਤੀ ਐਂਡਰੀਵ ਵੱਲੋਂ ਲਈ ਗਈ ਸੀ। ਇਹ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤਸਵੀਰ ਤੋਂ ਸਰਕਾਰ ਤੇ ਭਾਈਚਾਰਾ ਦੋਵੇਂ ਬਹੁਤ ਦੁਖੀ ਸਨ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

ਗਲਤੀ ਕਰਨ ਤੋਂ ਬਾਅਦ ਏਲੀਨਾ ਤੇ ਉਸ ਦੇ ਪਤੀ ਨੇ ਮੰਗੀ ਮਾਫ਼ੀ
ਹਾਲਾਂਕਿ ਏਲੀਨਾ ਫਜ਼ਲੀਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅੰਗਰੇਜ਼ੀ ਤੇ ਬਹਾਸਾ ਇੰਡੋਨੇਸ਼ੀਆ 'ਚ ਮਾਫੀ ਮੰਗੀ ਹੈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਤੋਂ ਵੱਡੀ ਗਲਤੀ ਹੋਈ ਹੈ। ਉਨ੍ਹਾਂ ਕਿਹਾ ਕਿ ਬਾਲੀ 'ਚ ਕਈ ਪਵਿੱਤਰ ਸਥਾਨ ਹਨ। ਉਨ੍ਹਾਂ 'ਚ ਹਰ ਥਾਂ ਇਹ ਸੰਕੇਤਾਂ ਰਾਹੀਂ ਨਹੀਂ ਦੱਸਿਆ ਗਿਆ ਹੈ। ਮੇਰੇ ਮਾਮਲੇ 'ਚ ਵੀ ਅਜਿਹਾ ਹੀ ਹੋਇਆ ਹੈ। ਮੈਂ ਆਪਣੀ ਗਲਤੀ ਸਵੀਕਾਰ ਕਰਦੀ ਹਾਂ। ਏਲੀਨਾ ਨੇ ਇਹ ਵੀ ਮੰਨਿਆ ਹੈ ਕਿ ਪਵਿੱਤਰ ਸਥਾਨਾਂ 'ਤੇ ਸਤਿਕਾਰ ਨਾਲ ਪੇਸ਼ ਆਉਣਾ ਜ਼ਰੂਰੀ ਹੈ ਤੇ ਅਜਿਹਾ ਨਾ ਕਰਕੇ ਉਨ੍ਹਾਂ ਨੇ ਗਲਤੀ ਕੀਤੀ ਹੈ।

ਪਿਛਲੇ ਸਾਲ 200 ਲੋਕਾਂ ਨੂੰ ਕੀਤਾ ਸੀ ਡਿਪੋਰਟ, ਅਪਮਾਨ ਨਹੀਂ ਕਰਾਂਗੇ ਬਰਦਾਸ਼ਤ
ਇਸ ਦੇ ਨਾਲ ਹੀ ਬਾਲੀ ਦੇ ਗਵਰਨਰ ਵੇਨ ਕੋਸਟਰ ਨੇ ਕਿਹਾ ਕਿ ਪ੍ਰਸ਼ਾਸਨ ਹੁਣ ਉਨ੍ਹਾਂ ਸੈਲਾਨੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ, ਜੋ ਇੱਥੇ ਆ ਕੇ ਸਾਡੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਅਪਮਾਨ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ 200 ਲੋਕਾਂ ਨੂੰ ਇਸੇ ਤਰ੍ਹਾਂ ਦੇ ਦੁਰਵਿਵਹਾਰ ਲਈ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਸ 'ਚ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਵੀ ਸ਼ਾਮਲ ਸਨ।

ਕੈਨੇਡੀਅਨ ਅਦਾਕਾਰ ਨੂੰ ਕੱਢ ਦਿੱਤਾ ਸੀ ਦੇਸ਼ 'ਚੋਂ
ਪਿਛਲੇ ਮਹੀਨੇ ਅਪ੍ਰੈਲ 'ਚ ਇੱਕ ਕੈਨੇਡੀਅਨ ਅਦਾਕਾਰ ਅਤੇ ਵੈਲਨੈੱਸ ਗੁਰੂ ਨੂੰ ਵੀ ਬਾਲੀ ਤੋਂ ਡਿਪੋਰਟ ਕੀਤਾ ਗਿਆ ਸੀ। ਉਸ ਨੇ ਪਵਿੱਤਰ ਸਥਾਨ 'ਤੇ ਜਾ ਕੇ ਡਾਂਸ ਕੀਤਾ ਤੇ ਕੁਝ ਅਜੀਬ ਹਰਕਤਾਂ ਕੀਤੀਆਂ ਸਨ। ਬਾਅਦ 'ਚ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ, ਜੋ ਵਾਇਰਲ ਹੋ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਉਸ ਨੂੰ ਵੀ ਡਿਪੋਰਟ ਕਰਨ ਦਾ ਫ਼ੈਸਲਾ ਕੀਤਾ ਸੀ।