ਸੀਤਾਮੜੀ: ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਸੁਸੰਡ ‘ਚ ਅਸਮਾਨ ਤੋਂ ਚਾਂਦੀ ਦੀ ਬਾਰਸ਼ ਹੋਈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਬੁੱਧਵਾਰ ਸਵੇਰੇ ਜਦੋਂ ਲੋਕ ਉੱਠੇ ਤਾਂ ਉਹ ਸੜਕ ‘ਤੇ ਚਾਂਦੀ ਪਈ ਵੇਖ ਹੈਰਾਨ ਹੋ ਗਏ। ਇਸ ਤੋਂ ਬਾਅਦ ਲੋਕ ਚਾਂਦੀ ਦੀਆਂ ਬੂੰਦਾਂ ਨੂੰ ਇਕੱਠੀਆਂ ਕਰ ਘਰ ਲੈ ਗਏ। ਦੱਸ ਦਈਏ ਕਿ ਨੇਪਾਲ ਬਾਰਡਰ ਕੋਲ ਹੀ ਹੈ ਜਿਸ ਕਰਕੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਈ ਤਸਕਰ ਇੱਥੋਂ ਚਾਂਦੀ ਲੈ ਕੇ ਜਾ ਰਿਹਾ ਹੋਵੇਗਾ। ਇਸ ਕਰਕੇ ਕਿਸੇ ਕਾਰਨ ਚਾਂਦੀ ਸੜਕ ‘ਤੇ ਬਿਖਰਦੀ ਚਲੀ ਗਈ। ਪਰਿਹਾਰ-ਸੁਰਸੰਡ ਸਟੇਟ ਹਾਈਵੇਅ-87 ‘ਤੇ ਤਿੰਨ ਕਿਮੀ ਤਕ ਚਾਂਦੀ ਦੀਆਂ ਬੁੰਦਾਂ ਪਈਆਂ ਸੀ। ਲੋਕਾਂ ਨੇ 100-200 ਗ੍ਰਾਮ ਦੀਆਂ ਬੂੰਦਾਂ ਇਕੱਠੀਆਂ ਕਰ ਲਈਆਂ। ਖ਼ਬਰਾਂ ਹਨ ਕਿ ਲੋਕਾਂ ਨੇ ਸੜਕ ਤੋਂ ਕਰੀਬ 50 ਕਿਲੋ ਤੋਂ ਜ਼ਿਆਦਾ ਚਾਂਦੀ ਚੁਣੀ। ਉਧਰ ਥਾਣਾ ਮੁਖੀ ਭੋਲਾ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਸੜਕ ‘ਤੇ ਚਾਂਦੀ ਆਈ ਕਿਵੇਂ। ਜਦਕਿ ਸਥਾਨਕ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਤਸਕਰ ਨੇਪਾਲ ਤੋਂ ਚਾਂਦੀ ਦੀ ਤਸਕਰੀ ਕਰਦੇ ਹਨ।