ਹਾਈਕੋਰਟ ਨੇ ਸਰਨਾ ਦਾ ਲੁੱਕ ਆਊਟ ਸਰਕੂਲਰ 16 ਨਵੰਬਰ ਤਕ ਸਸਪੈਂਡ ਕੀਤਾ ਹੈ। ਇਸ ਮੌਕੇ ਸਰਨਾ ਅੰਮ੍ਰਿਤਸਰ ਤੋਂ ਅਟਾਰੀ ਰਾਹੀਂ ਪਾਕਿ ਜਾਣ ਲਈ ਰਵਾਨਾ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਲਾਂਘੇ ਦਾ ਸਾਰਾ ਕ੍ਰੈਡਿਟ ਉਨ੍ਹਾਂ ਨੇ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਦੋਵਾਂ ਦੀ ਪਹਿਲਕਦਮੀ ਨਾਲ ਲਾਂਘਾ ਖੁੱਲ੍ਹਿਆ ਹੈ ਤੇ ਦੋਵਾਂ ਦੀ ਦੋਸਤੀ ਸਿੱਖ ਕੌਮ ਦੇ ਕੰਮ ਆਈ।
ਸਰਨਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲਾਂਘਾ ਖੁੱਲ੍ਹਵਾਉਣ ਦੀ ਲਟਕਦੀ ਹੋਈ ਮੰਗ ਤਹਿਤ ਇਹ ਲਾਂਘਾ ਖੁੱਲ੍ਹਵਾਉਣ ਨੂੰ ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ ਫੇਲ੍ਹ ਰਹੀ। ਸਰਨਾ ਨੇ ਸਿੱਧੂ ਦੀ ਚੁੱਪੀ 'ਤੇ ਕਿਹਾ ਬੇਸ਼ੱਕ ਨਵਜੋਤ ਸਿੱਧੂ ਅੱਜ ਨਹੀਂ ਬੋਲ ਰਹੇ, ਹੋ ਸਕਦਾ ਹੈ ਕਿ ਉਨ੍ਹਾਂ ਦੀ ਕੋਈ ਸਿਆਸੀ ਮਜਬੂਰੀ ਹੋਵੇ ਪਰ ਸਰਨਾ ਇਸ ਮੌਕੇ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆਏ।
ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਰੋਕਿਆ ਗਿਆ ਸੀ ਕਿਉਂਕਿ ਉਹ ਬਾਦਲ ਦਲ ਦੇ ਵਿਰੋਧੀ ਸਨ ਤੇ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਅਧਿਕਾਰੀਆਂ ਉੱਪਰ ਦਬਾਅ ਪਾ ਕੇ ਰੁਕਵਾਉਣ ਦੀ ਸਾਜ਼ਿਸ਼ ਕੀਤੀ ਸੀ। ਹੁਣ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਮਿੰਟ 'ਚ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ।