Sleep Disorder: ਵੀਅਤਨਾਮ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਅਜੀਬ ਕਾਰਨ ਕਰਕੇ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ। ਇਹ ਇਸ ਲਈ ਕਿਉਂਕਿ ਉਹ ਪਿਛਲੇ 60 ਸਾਲਾਂ ਤੋਂ ਸੁੱਤਾ ਹੀ ਨਹੀਂ। ਆਖ਼ਰੀ ਵਾਰ ਉਹ 1962 ਵਿੱਚ ਸੁੱਤਾ ਸੀ ਪਰ ਉਸ ਤੋਂ ਬਾਅਦ ਉਹ ਕਦੇ ਵੀ ਨਹੀਂ ਸੌਂ ਸਕਿਆ। ਹਾਸਲ ਜਾਣਕਾਰੀ ਮੁਤਾਬਕ 1962 ਵਿੱਚ ਉਸ ਨੂੰ ਤੇਜ਼ ਬੁਖਾਰ ਹੋਇਆ ਸੀ। ਠੀਕ ਹੋਣ ਤੋਂ ਬਾਅਦ, ਉਸ ਦੀ ਨੀਂਦ ਹਮੇਸ਼ਾ ਲਈ ਗਾਇਬ ਹੋ ਗਈ। 


 



ਦਰਅਸਲ ਇਸ ਸਾਲ ਫਰਵਰੀ ਮਹੀਨੇ 'ਚ 'ਡਰਿਊ ਬਿੰਸਕੀ' ਨਾਂ ਦੇ ਯੂਟਿਊਬਰ ਨੇ ਆਪਣੇ ਚੈਨਲ 'ਤੇ ਥਾਈ ਨਗੋਕ ਨਾਂ ਦੇ ਵਿਅਕਤੀ ਦੀ ਵੀਡੀਓ ਪੋਸਟ ਕੀਤੀ ਸੀ, ਜੋ ਵੀਅਤਨਾਮ ਦਾ ਰਹਿਣ ਵਾਲਾ ਹੈ। ਡਰਿਊ ਮੁਤਾਬਕ ਥਾਈ 80 ਸਾਲ ਦਾ ਹੈ ਤੇ ਪਿਛਲੇ 60 ਸਾਲਾਂ ਤੋਂ ਨਹੀਂ ਸੁੱਤਾ। ਇੱਕ ਆਮ ਵਿਅਕਤੀ ਲਈ 7-8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਅਜਿਹਾ ਨਾ ਕੀਤਾ ਜਾਏ ਤਾਂ ਉਸ ਦੀ ਸਿਹਤ ਵਿਗੜ ਸਕਦੀ ਹੈ ਪਰ ਥਾਈ 60 ਸਾਲਾਂ ਤੋਂ ਸੁੱਤਾ ਨਹੀਂ ਤੇ ਡਾਕਟਰਾਂ ਨੂੰ ਵੀ ਉਸ ਦੀ ਇਸ ਹਾਲਤ ਦੇ ਕਾਰਨ ਕੋਈ ਪਤਾ ਨਹੀਂ ਲੱਗ ਸਕਿਆ।



ਕਈ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਥਾਈ ਦੀ ਪਤਨੀ, ਬੱਚਿਆਂ ਜਾਂ ਗੁਆਂਢੀਆਂ ਨੇ ਉਸ ਨੂੰ ਕਦੇ ਸੌਂਦੇ ਨਹੀਂ ਦੇਖਿਆ। ਦੱਸ ਦਈਏ ਕਿ ਨੀਂਦ ਨਾ ਆਉਣ ਦੀ ਇਸ ਸਥਿਤੀ ਨੂੰ ਇਨਸੌਮਨੀਆ ਕਿਹਾ ਜਾਂਦਾ ਹੈ ਜੋ ਨੀਂਦ ਦਾ ਇੱਕ ਵਿਕਾਰ ਹੈ। ਜੇਕਰ ਕੋਈ ਵਿਅਕਤੀ ਚਾਰ-ਪੰਜ ਰਾਤਾਂ ਨਹੀਂ ਸੌਂਦਾ ਤਾਂ ਉਸ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ, ਪਰ ਥਾਈ ਪੂਰੀ ਤਰ੍ਹਾਂ ਤੰਦਰੁਸਤ ਹੈ। ਉਹ ਸਿਹਤਮੰਦ ਭੋਜਨ ਖਾਂਦਾ ਹੈ, ਗਰੀਨ ਟੀ ਪੀਂਦਾ ਹੈ ਤੇ ਵਾਈਨ ਪੀਣ ਦਾ ਸ਼ੌਕੀਨ ਹੈ। ਇਸ ਤੋਂ ਕਈ ਲੋਕ ਹੈਰਾਨ ਹਨ।


ਡਰਿਊ ਬਿੰਸਕੀ ਦਾ ਯੂਟਿਊਬ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ 1 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਤੇ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ ਕਿ ਉਹ ਵਿਅਕਤੀ 80 ਸਾਲ ਤੋਂ ਵੱਧ ਉਮਰ ਦਾ ਹੈ, ਸ਼ਰਾਬ ਪੀਂਦਾ ਹੈ, ਸਿਗਰਟ ਪੀਂਦਾ ਹੈ ਤੇ ਨੀਂਦ ਨਹੀਂ ਆਉਂਦੀ… ਇਹ ਉਨ੍ਹਾਂ ਸਾਰੇ ਸਿਹਤ ਮਾਹਿਰਾਂ ਦੇ ਮੂੰਹ 'ਤੇ ਚਪੇੜ ਹੈ ਜੋ ਕਹਿੰਦੇ ਹਨ ਕਿ ਨੀਂਦ ਬਹੁਤ ਜ਼ਰੂਰੀ ਹੈ! ਇੱਕ ਨੇ ਕਿਹਾ ਕਿ ਬੰਦਾ ਏਲੀਅਨ ਹੈ, ਇਸ ਕਰਕੇ ਉਹ ਨਹੀਂ ਸੌਂਦਾ।