ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਛੁੱਟੀ ਤੋਂ ਵਾਪਿਸ ਆਏ ਇੱਕ ਸੀਆਰਪੀਐਫ ਜਵਾਨ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਅਤੇ ਕੁਆਰੰਟੀਨ ਸੈਂਟਰ 'ਚ ਉਸਨੂੰ ਇੱਕ ਖਤਰਨਾਕ ਸੱਪ ਨੇ ਡੰਗ ਲਿਆ।ਹੁਣ ਇਹ ਜਵਾਨ ਜ਼ਿੰਦਗੀ ਅਤੇ ਮੌਤ ਨਾਲ ਲੜ੍ਹ ਰਿਹਾ ਹੈ।

ਦਰਅਸਲ, ਇੱਕ ਸੀਆਰਪੀਐਫ ਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਬੀਤੀ ਰਾਤ ਕੁਆਰੰਟੀਨ ਸੈਂਟਰ ਵਿੱਚ ਸੌਂਦਿਆਂ ਸੱਪ ਨੇ ਜਵਾਨ ਨੂੰ ਡੰਗ ਮਾਰਿਆ। ਸੱਪ ਦੇ ਡੱਸਣ ਕਾਰਨ ਜਵਾਨ ਚੀਕਿਆ, ਅਤੇ ਸਾਥੀਆਂ ਨੇ ਵੇਖਿਆ ਕਿ ਉਸ ਦੇ ਬਿਸਤਰੇ ਦੇ ਕੋਲ ਇੱਕ ਸੱਪ ਪਿਆ ਹੋਇਆ ਹੈ।ਜਿਸ ਤੋਂ ਬਾਅਦ ਸੱਪ ਨੂੰ ਹਟਾ ਦਿੱਤਾ ਗਿਆ ਅਤੇ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਗੰਭੀਰ ਸਥਿਤੀ ਕਾਰਨ ਜਵਾਨ ਨੂੰ ਬੀਜਾਪੁਰ ਤੋਂ ਹੈਲੀਕਾਪਟਰ ਦੀ ਮਦਦ ਨਾਲ ਜਗਦਲਪੁਰ ਭੇਜਿਆ ਗਿਆ।

ਸੂਤਰਾਂ ਅਨੁਸਾਰ ਨੌਜਵਾਨ ਅਰਜੁਨ ਕੁਮਾਰ ਹਾਲ ਹੀ ਵਿੱਚ ਛੁੱਟੀ ਤੋਂ ਵਾਪਸ ਆਇਆ ਸੀ। ਉਸਨੂੰ ਮਹਾਦੇਵ ਵੈਲੀ ਦੇ ਇੱਕ ਕੈਂਪ ਵਿੱਚ ਰੱਖਿਆ ਗਿਆ ਸੀ। ਜਵਾਨ ਸੀਆਰਪੀਐਫ ਦੀ 229 ਵੀਂ ਬਟਾਲੀਅਨ ਵਿਚ ਤਾਇਨਾਤ ਹੈ। ਜਵਾਨ ਨੂੰ ਮੰਗਲਵਾਰ ਰਾਤ ਕਰੀਬ 3 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਥਿਤੀ ਦੇ ਮੱਦੇਨਜ਼ਰ ਉਸਨੂੰ ਤੁਰੰਤ ਜਗਦਲਪੁਰ ਰੈਫਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁੰਗੇਲੀ ਵਿੱਚ, ਕੁਆਰੰਟੀਨ ਸੈਂਟਰ ਵਿੱਚ ਸੱਪ ਦੇ ਡੱਸਣ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ ਸੀ।