ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੈਪਟਨ ਸਰਕਾਰ ਤੋਂ ਨਾਰਾਜ਼ ਹਨ।ਆਪਣੀ ਨਾਰਾਜ਼ਗੀ ਨੂੰ ਜਾਹਰ ਕਰਨ ਲਈ ਉਨ੍ਹਾਂ ਇੱਕ ਚਿੱਠੀ ਲਿਖੀ ਹੈ।ਸਿੱਧੂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਉਨ੍ਹਾਂ ਦੇ ਅਸਤੀਫ਼ਾ ਦੇਣ ਦੇ ਬਾਅਦ ਉਨ੍ਹਾਂ ਦੇ ਵਿਧਾਨ ਸਭਾ ਹਲਾਕੇ ਦੇ ਵਿਕਾਸ ਕਾਰਜ ਠੱਪ ਹੋ ਗਏ।


ਸਿੱਧੂ ਨੇ ਚਿੱਠੀ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਵੀ ਲਾਇਆ ਹੈ ਕੀ ਅੰਮ੍ਰਿਤਸਰ ਦੇ ਪੂਰਬੀ ਇਲਾਕੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।ਸਿੱਧੂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਪੰਜ ਬ੍ਰਿਜ ਅਤੇ ਇਮਪਰੂਵਮੈਂਟ ਟਰੱਸਟ ਨਾਲ ਜੂੜੇ ਵਿਕਾਸ ਕਾਰਜ ਜਾਂ ਤਾਂ ਠੱਪ ਪਏ ਹਨ ਜਾਂ ਕੱਛੂ ਦੀ ਚਾਲ ਨਾਲ ਅੱਗੇ ਵੱਧ ਰਹੇ ਹਨ।ਉਨ੍ਹਾਂ ਦੇ ਇਹ ਵੀ ਇਲਜ਼ਾਮ ਹੈ ਕਿ ਅਫ਼ਸਰ ਪੁੱਛੇ ਜਾਣ ਤੇ ਵੀ ਤਸੱਲੀਬਖਸ਼ ਜਵਾਬ ਨਹੀਂ ਦਿੰਦੇ।

ਉਨ੍ਹਾਂ ਚਿੱਠੀ 'ਚ ਲਿਖਿਆ ਕਿ ਅਕਤੂਬਰ 2018 'ਚ ਮੁੱਖ ਮੰਤਰੀ ਨੇ ਪੰਜ ਪੁੱਲਾਂ ਦਾ ਉਦਘਾਟਨ ਕੀਤਾ ਜਿਸ ਵਿੱਚੋਂ ਦੋ ਪੁੱਲ ਮੇਰੇ ਇਲਾਕੇ ਅੰਮ੍ਰਿਤਸਰ ਈਸਟ 'ਚ ਹਨ। ਜਿਨ੍ਹਾਂ ਦਾ ਕੰਮ ਜਾਂ ਤਾਂ ਬੰਦ ਹੈ ਜਾਂ ਬਹੁਤ ਹੌਲੀ ਅੱਗੇ ਵੱਧ ਰਿਹਾ ਹੈ।

ਸਿੱਧੂ ਅੰਮ੍ਰਿਤਸਰ ਈਸਟ ਤੋਂ ਕਾਂਗਰਸੀ ਵਿਧਾਇਕ ਹਨ।ਠੀਕ ਇੱਕ ਸਾਲ ਪਹਿਲਾਂ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨਾਲ ਮੱਤਭੇਦ ਹੋਣ ਮਗਰੋਂ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਹੁਣ ਸਿੱਧੂ ਆਪਣੇ ਇਲਾਕੇ 'ਚ ਵਿਕਾਸ ਕਾਰਜ ਬੰਦ ਹੋਣ ਤੇ ਨਾਰਾਜ਼ਗੀ ਜਤਾ ਰਹੇ ਹਨ।