ਨਵੀਂ ਦਿੱਲੀ: ਦੁਆਰਕਾ ਇਲਾਕੇ ਦੇ ਰੇਵਲਾ ਖਾਨਪੁਰ ਪਿੰਡ ਵਿੱਚ ਭੀੜ ਇਕੱਠੀ ਹੈ। ਲੋਕ ਇੱਥੇ ਦੂਰ-ਦੂਰ ਤੋਂ ਪਹੁੰਚ ਰਹੇ ਹਨ। ਇਹ ਸਾਰੇ ਲੋਕ ਇੱਕ ਸੱਪ ਨੂੰ ਵੇਖਣਾ ਚਾਹੁੰਦੇ ਹਨ ਜਿਹੜਾ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਹੀ ਥਾਂ 'ਤੇ ਬੈਠਾ ਹੈ। ਭੀੜ ਦਾ ਮੰਨਣਾ ਹੈ ਕਿ ਇਹ ਇੱਕ ਚਮਤਕਾਰ ਹੈ। ਲੋਕ ਇੱਥੇ ਪੈਸੇ ਚੜ੍ਹਾਉਣ ਲੱਗੇ ਹਨ ਅਤੇ ਮੰਦਰ ਬਣਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਦੇ ਲੋਕਾਂ ਨੇ ਕੁਝ ਦਿਨ ਪਹਿਲਾਂ ਸੱਪ ਵੇਖਿਆ। ਉਦੋਂ ਲੋਕਾਂ ਨੇ ਉਸ ਕੋਬਲਾ ਸੱਪ ਨੂੰ ਭਜਾ ਦਿੱਤਾ ਪਰ ਉਹ ਕੁਝ ਸਮੇਂ ਮਗਰੋਂ ਉਹ ਫਿਰ ਆ ਗਿਆ। ਕਾਫੀ ਦਿਨਾਂ ਤੋਂ ਉਸੇ ਥਾਂ 'ਤੇ ਹੈ। ਸੱਪ ਦੇ ਲਗਾਤਾਰ ਇੱਕ ਥਾਂ 'ਤੇ ਬੈਠੇ ਰਹਿਣ ਤੋਂ ਬਾਅਦ ਕਈ ਲੋਕ ਉੱਥੇ ਪੂਜਾ ਕਰਨ ਲੱਗੇ। ਲੋਕਾਂ ਨੇ ਉੱਥੇ ਭਗਵਾਨ ਸ਼ਿਵ ਦੀ ਇੱਕ ਤਸਵੀਰ ਵੀ ਰੱਖ ਦਿੱਤੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸੱਪ ਇੱਥੇ ਤਪੱਸਿਆ ਕਰ ਰਿਹਾ ਹੈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੱਪ ਬਿਮਾਰ ਹੈ ਇਸੇ ਲਈ ਇੱਕ ਥਾਂ 'ਤੇ ਬੈਠਾ ਹੈ। ਇਸ ਨੂੰ ਇਲਾਜ ਦੀ ਜ਼ਰੂਰਤ ਹੈ ਨਾ ਕਿ ਪੂਜਾ-ਪਾਠ ਦੀ। ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜਿਹੜੇ ਕਿ ਇਸ ਸੱਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਕਈ ਵੀਡੀਓ ਕਾਫੀ ਵਾਇਰਲ ਵੀ ਹੋ ਰਹੇ ਹਨ। ਕੁਝ ਲੋਕ ਇੱਥੇ ਮੰਦਰ ਬਨਾਉਣ ਵਾਸਤੇ ਵੀ ਪੈਸੇ ਇਕੱਠੇ ਕਰਨ ਲੱਗ ਗਏ ਹਨ।