ਚੰਡੀਗੜ੍ਹ: ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਸ੍ਰੀਦੇਵੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ੍ਰੀਦੇਵੀ 54 ਵਰ੍ਹਿਆਂ ਦੀ ਸਨ। ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਤੇ ਧੀ ਖੁਸ਼ੀ ਕਪੂਰ ਨਾਲ ਆਪਣੇ ਭਾਣਜੇ ਮੋਹਿਤ ਮਰਵਾਹਾ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਦੁਬਈ ਪੁੱਜੀ ਸੀ। ਇੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਆਪਣੇ ਪਿੱਛੇ ਪਤੀ ਬੋਨੀ ਕਪੂਰ ਤੋਂ ਇਲਾਵਾ ਦੋ ਧੀਆਂ ਜਾਨ੍ਹਵੀ ਕਪੂਰ ਤੇ ਖੁਸ਼ੀ ਕਪੂਰ ਛੱਜ ਗਏ ਹਨ।




ਉਨ੍ਹਾਂ ਦੀ ਬੇਵਕਤੀ ਮੌਤ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਲੀਵੁੱਡ ਦੇ ਦਿੱਗਜਾਂ ਨੇ ਵੀ ਸ੍ਰੀਦੇਵੀ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਦੇ ਮੁੰਬਈ ਸਥਿਤ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਵੀ ਜੁਟ ਗਈ ਹੈ।

ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਬਣਨ ਦਾ ਮਾਣ ਵੀ ਸ੍ਰੀਦੇਵੀ ਨੂੰ ਹਾਸਲ ਹੈ। ਉਨ੍ਹਾਂ ਬਾਲ ਕਲਾਕਾਰ ਵਜੋਂ ਹਿੰਦੀ ਸਿਨੇਮਾ ਵਿੱਚ ਆਪਣਾ ਦਾਖ਼ਲਾ ਕੀਤਾ ਸੀ ਤੇ ਆਖ਼ਰੀ ਵਾਰ ਪਤੀ ਬੋਨੀ ਕਪੂਰ ਵੱਲੋਂ ਨਿਰਮਾਣ ਕੀਤੀ ਫ਼ਿਲਮ 'ਮੌਮ' ਵਿੱਚ ਵਿਖਾਈ ਦਿੱਤੀ ਸੀ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਸਾਰੇ ਫ਼ਿਲਮ ਜਗਤ ਨੂੰ ਧੱਕਾ ਵੱਜਾ ਹੈ।