ਯੂਪੀ ਦੇ ਆਗਰਾ 'ਚ ਇੱਕ ਬੱਚੇ ਨੂੰ ਆਨਲਾਈਨ ਮੋਬਾਈਲ ਗੇਮ ਖੇਡਣ ਦਾ ਅਜਿਹਾ ਚਸਕਾ ਪਿਆ ਕਿ ਉਸ ਨੇ ਆਪਣੇ ਪਿਓ ਨੂੰ ਹੀ 39 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਗੇਮ 'ਚ ਅਗਲੀ ਸਟੇਜ 'ਤੇ ਪਹੁੰਚਣ ਲਈ ਬੱਚੇ ਨੇ ਪਿਓ ਦੇ ਅਕਾਊਂਟ 'ਚੋਂ ਇੰਨੀ ਵੱਡੀ ਪੇਮੈਂਟ ਕਰ ਦਿੱਤੀ। ਆਪਣੀ ਜ਼ਿੰਦਗੀ ਦੀ ਕਮਾਈ ਲੁੱਟੇ ਜਾਣ ਤੋਂ ਬਾਅਦ ਸਾਬਕਾ ਫ਼ੌਜੀ ਕੋਤਵਾਲ ਸਿੰਘ ਇਨਸਾਫ਼ ਲਈ ਬੈਂਕ ਅਤੇ ਥਾਣੇ ਦੇ ਗੇੜੇ ਮਾਰ ਰਿਹਾ ਹੈ। ਬੱਚੇ ਨੇ ਗੇਮ ਖੇਡਣ ਦੇ ਚੱਕਰ 'ਚ ਪਿਓ ਦੀ ਉਮਰ ਭਰ ਦੀ ਸਾਰੀ ਕਮਾਈ ਸਿਰਫ਼ 3 ਮਹੀਨਿਆਂ 'ਚ ਹੀ ਗੇਮ ਬਣਾਉਣ ਵਾਲੀ ਕੰਪਨੀ ਦੇ ਖਾਤੇ 'ਚ ਪਾ ਦਿੱਤੀ।


ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੱਚੇ ਦੇ ਪਿਤਾ ਅਤੇ ਸਾਬਕਾ ਫ਼ੌਜੀ ਕੋਤਵਾਲ ਸਿੰਘ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਨੇ ਸਾਈਬਰ ਕ੍ਰਾਈਮ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਕੋਤਵਾਲ ਸਿੰਘ ਦਾ ਲੜਕਾ ਹਾਈ ਸਕੂਲ ਦਾ ਵਿਦਿਆਰਥੀ ਹੈ। ਸਾਈਬਰ ਕ੍ਰਾਈਮ ਥਾਣੇ 'ਚ ਪੁੱਜੇ ਕੋਤਵਾਲ ਸਿੰਘ ਨੇ ਦੱਸਿਆ ਕਿ ਸਾਲ 2021 'ਚ ਉਨ੍ਹਾਂ ਦਾ ਲੜਕਾ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਉਨ੍ਹਾਂ ਨੇ ਬੇਟੇ ਨੂੰ ਆਨਲਾਈਨ ਕਲਾਸ ਲਈ ਮੋਬਾਈਲ ਦਿਵਾਇਆ ਅਤੇ ਉਸ ਨੂੰ ਗੇਮ ਖੇਡਣ ਦੀ ਲਤ ਲੱਗ ਗਈ।


ਉਨ੍ਹਾਂ ਨੇ ਦੱਸਿਆ ਕਿ ਬੇਟੇ ਨੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ 'ਚ ਆਨਲਾਈਨ ਗੇਮ ਖੇਡੀ ਅਤੇ ਉਨ੍ਹਾਂ ਦੇ ਖਾਤੇ 'ਚੋਂ 39 ਲੱਖ ਰੁਪਏ ਕਢਵਾ ਲਏ ਗਏ। ਜਦੋਂ ਉਹ ਬੈਂਕ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ 'ਚ ਇੱਕ ਰੁਪਿਆ ਵੀ ਨਹੀਂ ਹੈ। ਕੋਤਵਾਲ ਸਿੰਘ ਨੇ ਦੱਸਿਆ ਕਿ ਇੱਕ ਖਾਤੇ ਵਿੱਚੋਂ 21 ਲੱਖ ਰੁਪਏ ਕਢਵਾਏ ਗਏ ਹਨ, ਜਦਕਿ ਦੂਜੇ ਖਾਤੇ ਵਿੱਚੋਂ 18 ਲੱਖ ਰੁਪਏ ਗਾਇਬ ਹਨ। ਜਦੋਂ ਉਨ੍ਹਾਂ ਨੂੰ ਬੈਂਕ ਵੱਲੋਂ ਦੋਵਾਂ ਖਾਤਿਆਂ ਤੋਂ ਇੰਨੀ ਵੱਡੀ ਰਕਮ ਕਢਵਾਉਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।


ਕੋਤਵਾਲ ਸਿੰਘ ਜਦੋਂ ਥਾਣੇ ਪਹੁੰਚੇ ਤਾਂ ਪਤਾ ਲੱਗਾ ਕਿ ਕੋਤਵਾਲ ਸਿੰਘ ਦੇ ਅਕਾਊਂਟ 'ਚੋਂ ਕਢਾਈ ਗਈ ਰਕਮ ਗੇਮ ਕੰਪਨੀ ਦੇ ਖਾਤੇ 'ਚ ਗਈ ਹੈ। ਫਿਲਹਾਲ ਪੁਲਿਸ ਨੇ ਕੋਤਵਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 420, 120ਬੀ, 34 ਅਤੇ 66ਡੀ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


ਗੇਮ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਗੇਮਸ 'ਚ ਕਈ ਸਟੇਜ 'ਤੇ ਹਥਿਆਰ ਲੈਣ ਲਈ ਪੈਸੇ ਦੇਣੇ ਪੈਂਦੇ ਹਨ। ਇਸ ਦੇ ਨਾਲ ਹੀ ਨਿਯਮ ਅਤੇ ਸ਼ਰਤਾਂ ਵੀ ਲਿਖੀਆਂ ਗਈਆਂ ਹਨ। ਉਨ੍ਹਾਂ ਨਾਲ ਸਹਿਮਤ ਹੋ ਕੇ ਹੀ ਇਸ ਨੂੰ ਖਰੀਦਿਆ ਜਾ ਸਕਦਾ ਹੈ। ਇਸ 'ਚ ਕੰਪਨੀ ਦਾ ਕੋਈ ਕਸੂਰ ਨਹੀਂ ਹੈ। ਬੱਚਿਆਂ ਦੇ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮੋਬਾਈਲ 'ਤੇ ਕਿਸ ਚੀਜ਼ ਦੀ ਪੇਮੈਂਟ ਕਰ ਰਹੇ ਹਨ।