ਨਵੀਂ ਦਿੱਲੀ: ਇੱਕ ਸਾਲ ਦੇ ਬੱਚੇ ਨੂੰ ਦੁੱਧ ਤੇ ਹੋਰ ਪੌਸ਼ਟਿਕ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ, ਪਰ ਸ੍ਰੀਲੰਕਾ ਵਿੱਚ ਬੱਚੇ ਨੂੰ ਬੀਅਰ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਲੰਬੋ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਆਪਣੇ ਇੱਕ ਸਾਲ ਦੇ ਬੱਚੇ ਨੂੰ ਬੀਅਰ ਪਿਆ ਰਿਹਾ ਸੀ। ਉਸ ਵੱਲੋਂ ਅਜਿਹਾ ਕਰਦੇ ਦੀ ਵੀਡੀਓ ਬਣਾਈ ਗਈ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਅਨੁਰਾਧਾਪੁਰਾ ਜ਼ਿਲ੍ਹੇ ਦੇ ਪਿੰਡ ਮੀਗਾਲੇਵਾ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਬੱਚੇ ਦੇ ਪਿਤਾ ਤੇ ਉਸ ਦੇ ਦੋ ਦੋਸਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਸ਼੍ਰੀਲੰਕਾਈ ਪੁਲਿਸ ਦੇ ਬੁਲਾਰੇ ਰੁਵਾਨ ਗੁਨਾਸੇਕਰਾ ਨੇ ਦੱਸਿਆ ਕਿ ਪੁਲਿਸ ਨੇ ਬੱਚੇ ਨੂੰ ਤਸੀਹੇ ਦੇਣ ਦੇ ਇਲਜ਼ਾਮ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਦੇ ਨਾਲ-ਨਾਲ ਸਥਾਨਕ ਟੈਲੀਵਿਜ਼ਨ ਚੈਨਲਾਂ 'ਤੇ ਵੀ ਦਿਖਾਈ ਗਈ ਸੀ।