Trending: ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ (Kanpur Railway Station) ਦੇ ਅਧਿਕਾਰੀਆਂ ਨੇ ਬਾਂਦਰਾਂ ਤੋਂ ਬਚਣ ਲਈ ਇੱਕ ਨਵਾਂ ਤਰੀਕਾ ਲੱਭਿਆ ਹੈ, ਜਿਸ ਵਿੱਚ ਪ੍ਰਮੁੱਖ ਸਥਾਨਾਂ 'ਤੇ ਲੰਗੂਰਾਂ ਦੇ ਵੱਡੇ ਕੱਟ-ਆਊਟ ਪੋਸਟਰ ਲਗਾਏ ਗਏ ਹਨ। ਲੋਕ ਸੰਪਰਕ ਅਧਿਕਾਰੀ ਐਨਸੀਆਰ, ਅਮਿਤ ਕੁਮਾਰ ਸਿੰਘ ਨੇ ਕਿਹਾ ਕਿ ਜੇਕਰ ਪੋਸਟਰ ਅਤੇ ਕੱਟ-ਆਊਟ ਪ੍ਰਯੋਗ ਸਫਲ ਹੁੰਦਾ ਹੈ, ਤਾਂ ਇਸ ਨੂੰ ਉੱਤਰੀ ਮੱਧ ਰੇਲਵੇ (ਐਨਸੀਆਰ) ਡਿਵੀਜ਼ਨ ਦੇ ਹੋਰ ਰੇਲਵੇ ਸਟੇਸ਼ਨਾਂ 'ਤੇ ਵੀ ਲਾਗੂ ਕੀਤਾ ਜਾਵੇਗਾ।



ਕਈ ਹਮਲਿਆਂ ਕਾਰਨ ਬਾਂਦਰ ਚਿੰਤਾ ਦਾ ਮੁੱਖ ਕਾਰਨ ਬਣੇ ਹੋਏ ਹਨ।ਇਨ੍ਹਾਂ ਵਿੱਚੋਂ ਕੁਝ ਘਾਤਕ ਵੀ ਸਾਬਤ ਹੋਏ ਹਨ। ਉਨ੍ਹਾਂ ਕਿਹਾ, "ਅਸੀਂ ਇਸ ਨੂੰ ਕਾਨਪੁਰ ਸੈਂਟਰਲ 'ਚ ਪਾਇਲਟ ਆਧਾਰ 'ਤੇ ਲਾਗੂ ਕੀਤਾ ਹੈ। ਉੱਤਰੀ ਮੱਧ ਰੇਲਵੇ 'ਚ ਇਹ ਪ੍ਰਯੋਗ ਸੈਂਟਰਲ ਸਟੇਸ਼ਨ 'ਤੇ ਸ਼ੁਰੂ ਕੀਤਾ ਗਿਆ ਹੈ ਜੋ 30 ਅਪ੍ਰੈਲ ਤੱਕ ਚੱਲੇਗਾ। ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਇਸ ਨੂੰ ਪੰਕੀ ਸਟੇਸ਼ਨ ਤੇ ਹੋਰਾਂ 'ਤੇ ਲਾਗੂ ਕੀਤਾ ਜਾਵੇਗਾ।"

ਇਸ ਦੌਰਾਨ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਹ ਮੁਸਾਫਰਾਂ ਕਾਰਨ ਮੁਸ਼ਕਲ ਹੈ, ਜੋ ਉਨ੍ਹਾਂ ਨੂੰ ਬਚਿਆ ਹੋਇਆ ਭੋਜਨ ਖਿਲਾਉਂਦੇ ਹਨ। ਜਦੋਂ ਬਾਂਦਰਾਂ ਨੂੰ ਖਾਣਾ ਨਹੀਂ ਮਿਲਦਾ ਤਾਂ ਉਹ ਹਮਲਾਵਰ ਹੋ ਜਾਂਦੇ ਹਨ ਅਤੇ ਯਾਤਰੀਆਂ 'ਤੇ ਹਮਲਾ ਕਰਦੇ ਹਨ।" ਉਸ ਨੇ ਅੱਗੇ ਕਿਹਾ ਕਿ "ਬਾਂਦਰ ਬੱਚਿਆਂ 'ਤੇ ਹਮਲਾ ਕਰਦੇ ਹਨ। ਉਹ ਉਨ੍ਹਾਂ ਦਾ ਖਾਣਾ ਖੋਹ ਲੈਂਦੇ ਹਨ ਤੇ ਅਕਸਰ ਉਹ ਬੈਗ ਵੀ ਖੋਹ ਕੇ ਭੱਜ ਜਾਂਦੇ ਹਨ।"

ਰੇਲਵੇ ਵਿਕਰੇਤਾਵਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਹ ਚਿਪਸ ਦੇ ਪੈਕੇਟ ਜਾਂ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੇ ਪੈਕੇਟ ਨਹੀਂ ਲਿਜਾ ਸਕਦੇ ਕਿਉਂਕਿ ਬਾਂਦਰ ਉਨ੍ਹਾਂ ਨੂੰ ਵੀ ਖੋਹ ਲੈਂਦੇ ਹਨ। ਇਸ ਲਈ ਹੁਣ ਰੇਲਵੇ ਨੇ ਇਹ ਅਨੌਖਾ ਤਰੀਕਾ ਅਜ਼ਮਾਉਣਾ ਸ਼ੁਰੂ ਕੀਤਾ ਹੈ।ਹੁਣ ਦੇਖਣਾ ਇਹ ਹੋਏਗਾ ਕਿ ਇਸ ਤਰੀਕੇ ਨਾਲ ਕਿੰਨਾ ਅਸਰ ਪੈਂਦਾ।