ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਹੈਲਪ ਲਾਈਨ ਨੰਬਰ ਜਾਰੀ ਕਰ ਦਿੱਤੀ ਹੈ। ਤੁਸੀਂ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਹੁਣ 9501-200-200 ਨੰਬਰ 'ਤੇ ਕਾਲ ਕਰਕੇ ਦਰਜ ਕਰਵਾ ਸਕਦੇ ਹੋ।
ਮੁੱਖ ਮੰਤਰੀ ਬਣਦੇ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਇੱਕ ਇਤਹਾਸਿਕ ਫੈਸਲਾ ਲੈਣ ਵਾਲੇ ਹਨ। ਜੋ ਹੁਣ ਤੁੱਕ ਕਿਸੇ ਵੀ ਸਰਕਾਰ ਨੇ ਨਹੀਂ ਲਿਆ।ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਇਹ ਨੰਬਰ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਜਾਰੀ ਕੀਤਾ ਜਾਵੇਗਾ।
ਇਹ ਨੰਬਰ ਭਗਵੰਤ ਮਾਨ ਦਾ ਵਟਸਐਪ ਨੰਬਰ ਹੈ। ਭਗਵੰਤ ਮਾਨ ਨੇ ਕਿਹਾ ਕਿ "ਜੇਕਰ ਕੋਈ ਰਿਸ਼ਵਤ ਮੰਗੇ ਤਾਂ ਨਾਂਹ ਨਾ ਕਰੋ, ਆਡੀਓ ਜਾਂ ਵੀਡੀਓ ਰਿਕਾਰਡ ਕਰਕੇ ਮੈਨੂੰ ਭੇਜ ਦਿਓ। ਮੇਰਾ ਦਫਤਰ ਇਸ ਦੀ ਡੂੰਘਾਈ ਨਾਲ ਜਾਂਚ ਕਰੇਗਾ ਤੇ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਦਿੱਲੀ ਦੀ ਉਦਾਹਰਨ ਦਿੰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ 49 ਦਿਨਾਂ ਦੀ ਸਰਕਾਰ ਵਿੱਚ ਵੀ ਅਜਿਹਾ ਹੀ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਭ੍ਰਿਸ਼ਟਾਚਾਰ ਇਸ ਤਰ੍ਹਾਂ ਖਤਮ ਹੋਇਆ ਕਿ ਉਦੋਂ ਤੋਂ ਸਿਰਫ ਕੇਜਰੀਵਾਲ ਹੀ ਸੱਤਾ 'ਚ ਆ ਰਹੇ ਹਨ। ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰ ਨੂੰ ਇਸੇ ਤਰ੍ਹਾਂ ਨੱਥ ਪਾਈ ਜਾਵੇਗੀ।
ਹੁਣ ਵੇਖਣਾ ਇਹ ਹੋਏਗਾ ਕਿ ਇਸ ਨੰਬਰ ਦਾ ਕਿੰਨਾ ਕੁ ਅਸਰ ਪੈਂਦਾ ਹੈ।ਇਸ ਨੰਬਰ ਰਾਹੀਂ ਸਾਰੀਆਂ ਸ਼ਿਕਾਇਤਾਂ ਸਿੱਧੀਆਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚਣਗੀਆਂ।