ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਵਿਧਾਨ ਸਭਾ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਤਰੀਕ ਨਾ ਦੱਸਣ 'ਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਬੁਰੀ ਤਰ੍ਹਾਂ ਘਿਰ ਗਏ ਸਨ। ਵਿਧਾਨ ਸਭਾ ਦੇ ਅੰਦਰ ਤਾਂ ਦੂਰ ਬਾਹਰ ਵੀ ਰਾਜਾ ਵੜਿੰਗ ਦਾ ਮਜ਼ਾਕ ਬਣਦਾ ਨਜ਼ਰ ਆ ਰਿਹਾ ਹੈ।



ਸ਼ਹੀਦੀ ਦਿਵਸ ਮੌਕੇ ਪੰਜਾਬ 'ਚ ਛੁੱਟੀ ਦੇ ਐਲਾਨ ਤੋਂ ਬਾਅਦ ਵਿਧਾਨ ਸਭਾ ਵਿੱਚ ਉਨ੍ਹਾਂ ਨੇ ਸੀਐਮ ਭਗਵੰਤ ਮਾਨ 'ਤੇ ਸਵਾਲ ਚੁੱਕਿਆ ਸੀ ਜਿਸ ਤੋਂ ਬਾਅਦ ਮਾਨ ਨੇ ਉਨ੍ਹਾਂ ਨੂੰ ਹੀ ਘੇਰ ਲਿਆ। ਇਸ ਤੋਂ ਬਾਅਦ ਵੜਿੰਗ ਨੇ ਅਰਵਿੰਦ ਕੇਜਰੀਵਾਲ ਦੇ 6 ਸਾਲ ਪੁਰਾਣੇ ਟਵੀਟ ਦੇ ਬਹਾਨੇ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਇਹ ਤਰੀਕਾ ਵੀ ਕੰਮ ਨਹੀਂ ਆਇਆ। ਇਸ ਲਈ ਉਨ੍ਹਾਂ ਦੇ ਪਿਛਲੇ ਸਾਲ 28 ਸਤੰਬਰ 2021 ਦੇ ਟਵੀਟ ਵਰਤਣਾ ਚਾਹਿਆ ਪਰ ਇਹ ਵੀ ਪੁੱਠਾ ਪੈ ਗਿਆ।

ਵਿਧਾਨ ਸਭਾ ਤੋਂ ਵਾਪਸ ਆ ਕੇ ਵੜਿੰਗ ਨੇ ਕੇਜਰੀਵਾਲ ਦਾ 27 ਸਤੰਬਰ 2016 ਦਾ ਟਵੀਟ ਕੱਢ ਲਿਆ ਜਿਸ ਵਿੱਚ ਕੇਜਰੀਵਾਲ ਨੇ ਲਿਖਿਆ ਕਿ ਅੱਜ ਭਗਤ ਸਿੰਘ ਦਾ ਜਨਮ ਦਿਨ ਹੈ। ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ 28 ਤੇ ਅਰਵਿੰਦ ਕੇਜਰੀਵਾਲ 27 ਸਤੰਬਰ ਨੂੰ ਦੱਸ ਰਹੇ ਹੋ। ਦੋਵਾਂ ਵਿੱਚੋਂ ਕਿਹੜਾ ਸਹੀ ਹੈ?

ਟਵਿੱਟਰ ਯੂਜ਼ਰਸ ਨੇ ਉਨ੍ਹਾਂ ਦੇ ਟਵੀਟ ਨੂੰ ਉਨ੍ਹਾਂ 'ਤੇ ਹੀ ਭਾਰੀ ਕਰ ਦਿੱਤਾ ਤੇ ਰਾਜਾ ਵੜਿੰਗ ਦਾ ਮ਼ਾਕ ਉਠਾਇਆ। ਯੂਜ਼ਰਸ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਸਹੀ ਹਨ। 28 ਸਤੰਬਰ ਨੂੰ ਸ਼ਹੀਦ ਹੀ ਭਗਤ ਸਿੰਘ ਦਾ ਜਨਮ ਦਿਨ ਹੈ। ਤੁਸੀਂ ਇਹੀ ਗੱਲ ਟਵੀਟ ਕੀਤੀ ਹੈ।

ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਛੁੱਟੀ ਦਾ ਵਿਰੋਧ ਕੀਤਾ ਸੀ। ਵੜਿੰਗ ਨੇ ਕਿਹਾ ਕਿ ਇਸ ਦੀ ਬਜਾਏ ਭਗਤ ਸਿੰਘ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਇਹ ਸੁਣ ਕੇ ਸੀਐਮ ਨੇ ਵੜਿੰਗ ਨੂੰ ਪੁੱਛਿਆ ਸੀ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ ਜਿਸ ਤੋਂ ਬਾਅਦ ਵੜਿੰਗ ਸਾਹਬ ਚੁੱਪ ਹੋ ਗਏ ਸਨ ਅਤੇ ਕੁਝ ਨਾ ਬੋਲ ਸਕੇ ਤੇ ਫਿਰ ਸੀਐਮ ਨੇ ਕਿਹਾ ਕਿ ਸੀ ਇਹ 28 ਸਤੰਬਰ ਨੂੰ ਹੁੰਦਾ ਹੈ।