ਭੁਪਾਲ: ਵੈਸੇ ਤਾਂ ਹਰ ਨਗਰ ਨਿਗਮ ਆਵਾਰਾ ਕੁੱਤਿਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਉਂਦਾ ਹੈ, ਪਰ ਕਦੇ ਕਦੇ ਇਹ ਆਵਾਰਾ ਕੁੱਤੇ ਤੁਹਾਡੇ ਬੜੇ ਕੰਮ ਆਉਂਦੇ ਹਨ। ਅਜਿਹੀ ਹੀ ਇੱਕ ਘਟਨਾ ਮੱਧ ਪ੍ਰਦੇਸ਼ ਵਿੱਚ ਵਾਪਰੀ ਜਿੱਥੇ ਗਲ਼ੀ ਦੇ ਕੁੱਤੇ ਸ਼ੇਰੂ ਨੇ ਔਰਤ ਨੂੰ ਬਲਾਤਕਾਰ ਦਾ ਸ਼ਿਕਾਰ ਹੋਣੋਂ ਬਚਾ ਲਿਆ। ਹਾਲਾਂਕਿ, ਸ਼ੇਰੂ 'ਤੇ ਹਮਲਾ ਵੀ ਹੋਇਆ, ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਸ਼ੇਰੂ ਭੁਪਾਲ ਦੇ ਛੋਲਾ ਇਲਾਕੇ ਦੀ ਰਿਹਾਇਸ਼ੀ ਕਾਲੋਨੀ ਵਿੱਚ ਰਹਿੰਦਾ ਹੈ। ਬੀਤੇ ਐਤਵਾਰ ਸੁਨੀਲ ਨਾਂਅ ਦਾ ਨੌਜਵਾਨ ਆਪਣੀ 29 ਸਾਲਾ ਗੁਆਂਢਣ ਨੂੰ ਇਕੱਲੀ ਦੇਖ ਉਸ ਦੇ ਘਰ ਅੰਦਰ ਦਾਖ਼ਲ ਹੋ ਜਾਂਦਾ ਹੈ। ਸ਼ੇਰੂ ਉਸ ਦੇ ਘਰ ਦੇ ਦਰਵਾਜ਼ੇ ਲਾਗੇ ਹੀ ਸੁੱਤਾ ਪਿਆ ਹੁੰਦਾ ਹੈ ਅਤੇ ਦਰਵਾਜ਼ੇ ਦੀ ਘੰਟੀ ਕਾਰਨ ਉਹ ਜਾਗ ਜਾਂਦਾ ਹੈ। ਇਸੇ ਦੌਰਾਨ ਉਹ ਸੁਨੀਲ ਨੂੰ ਮਹਿਲਾ ਨਾਲ ਜ਼ਬਰਦਸਤੀ ਕਰਦੇ ਨੂੰ ਵੇਖਦਾ ਹੈ ਤਾਂ ਉਸ 'ਤੇ ਹਮਲਾ ਕਰ ਦਿੰਦਾ ਹੈ।
ਸ਼ੇਰੂ ਦੇ ਹਮਲੇ ਕਾਰਨ ਮਹਿਲਾ ਸੁਨੀਲ ਦੀ ਗ੍ਰਿਫ਼ਤ ਵਿੱਚੋਂ ਆਜ਼ਾਦ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਬਚਾਉਂਦੀ ਹੈ। ਪਰ ਸੁਨੀਲ ਸ਼ੇਰੂ 'ਤੇ ਚਾਕੂ ਨਾਲ ਵਾਰ ਕਰ ਕੇ ਫਰਾਰ ਹੋ ਜਾਂਦਾ ਹੈ। ਮਹਿਲਾ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਮੁਹੱਲਾ ਵਾਸੀਆਂ ਨੇ ਸ਼ੇਰੂ ਨੂੰ ਹਸਪਤਾਲ ਪਹੁੰਚਾਇਆ। ਸ਼ੇਰੂ ਦੇ ਢਿੱਡ ਵਿੱਚ ਵੱਡਾ ਜ਼ਖ਼ਮ ਹੈ ਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਪੁਲਿਸ ਸੁਨੀਲ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।