ਨਵੀਂ ਦਿੱਲੀ: ਐੱਪਲ ਕੰਪਨੀ ਆਪਣੇ ਉਤਪਾਦਾਂ ਨੂੰ ਬਾਜ਼ਾਰ ਦੇ ਮੁਕਾਬਲੇ ਸਭ ਤੋਂ ਵਧੀਆ ਕਰਾਰ ਦਿੰਦੀ ਹੈ, ਇਸ ਦਾ ਪ੍ਰਤੱਖ ਉਦਾਹਰਣ ਤਾਇਵਾਨ ਤੋਂ ਸਾਹਮਣੇ ਆਇਆ ਹੈ। ਇੱਥੇ ਨੌਜਵਾਨ ਨੇ ਐੱਪਲ ਦਾ ਨਵਾਂ ਏਅਰਪੌਡ ਨਿਗਲ ਲਿਆ ਤੇ ਉਹ ਉਸ ਨੂੰ ਅਗਲੇ ਦਿਨ ਮਲ ਤਿਆਗ ਕਰਨ ਸਮੇਂ ਚੱਲਦੀ ਹਾਲਤ ਵਿੱਚ ਮਿਲਿਆ।


ਸਥਾਨਕ ਮੀਡੀਆ ਮੁਤਾਬਕ ਬੇਨ ਸੂ ਨਾਂ ਦਾ ਤਾਇਵਾਨੀ ਨੌਜਵਾਨ ਇੱਕ ਰਾਤ ਸੌਣ ਸਮੇਂ ਏਅਰਪੌਡਜ਼ ਰਾਹੀਂ ਸੰਗੀਤ ਸੁਣ ਰਿਹਾ ਸੀ। ਸੁੱਤੇ ਹੋਏ ਨੂੰ ਪਤਾ ਨਹੀਂ ਲੱਗਾ ਤੇ ਬੇਨ ਨੇ ਏਅਰਪੌਡ ਨਿਗਲ ਲਿਆ। ਸਵੇਰੇ ਉਸ ਨੂੰ ਆਪਣਾ ਇੱਕ ਏਅਰਪੌਡ ਨਹੀਂ ਲੱਭਾ ਤਾਂ ਉਸ ਨੇ ਐੱਪਲ ਦੇ ਟਰੈਕਿੰਗ ਸਿਸਟਮ ਰਾਹੀਂ ਇਸ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਾ ਕਿ ਇਹ ਉਸ ਦੇ ਪੇਟ ਵਿੱਚ ਹੈ, ਜਿਸ ਵਿੱਚੋਂ ਆਵਾਜ਼ ਵੀ ਆ ਰਹੀ ਸੀ।

ਉਹ ਤੁਰੰਤ ਹਸਪਤਾਲ ਗਿਆ। ਡਾਕਟਰਾਂ ਨੇ ਉਸ ਦਾ ਐਕਸ-ਰੇਅ ਕੀਤਾ ਤਾਂ ਪਤਾ ਲੱਗਾ ਕਿ ਵਾਕਿਆ ਹੀ ਉਹ ਏਅਰਪੌਡ ਨਿਗਲ ਚੁੱਕਾ ਸੀ। ਡਾਕਟਰਾਂ ਨੇ ਉਸ ਨੂੰ ਇੱਕ ਦਿਨ ਇੰਤਜ਼ਾਰ ਕਰਨ ਲਈ ਕਿਹਾ ਕਿ ਜੇਕਰ ਇਹ ਏਅਰਪੌਡ ਮਲ ਦਵਾਰ ਰਾਹੀਂ ਬਾਹਰ ਆ ਜਾਵੇ ਤਾਂ ਠੀਕ, ਨਹੀਂ ਉਸ ਨੂੰ ਆਪ੍ਰੇਸ਼ਨ ਦੀ ਲੋੜ ਹੋਵੇਗੀ।

ਬੇਨ ਸੂ ਖੁਸ਼ਕਿਸਮਤ ਰਿਹਾ ਕਿ ਮਲ ਤਿਆਗ ਸਮੇਂ ਨਿਗਲਿਆ ਏਅਰਪੌਡ ਬਾਹਰ ਆ ਗਿਆ। ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਨੇ ਇਸ ਏਅਰਪੌਡ ਨੂੰ ਚੱਲਦੀ ਹਾਲਤ ਵਿੱਚ ਪਾਇਆ। ਇਸ ਦੀ ਬੈਟਰੀ ਵੀ 41% ਬਾਕੀ ਸੀ। ਐੱਪਲ ਦੇ ਇਹ ਏਅਰਪੌਡਜ਼ ਵਾਇਰਲੈਸ ਹਨ ਤੇ ਲੀਥੀਅਮ ਆਇਨ ਬੈਟਰੀ ਨਾਲ ਚੱਲਦੇ ਹਨ। ਹਾਲਾਂਕਿ, ਬੇਨ ਸੂ ਨੂੰ ਕੋਈ ਨੁਕਸਾਨ ਨਾ ਹੋਇਆ ਪਰ ਜੇਕਰ ਬੈਟਰੀ ਲੀਕ ਹੋ ਜਾਂਦੀ ਤਾਂ ਉਸ ਲਈ ਖ਼ਤਰਾ ਹੋਣਾ ਸੀ। ਪਰ ਐੱਪਲ ਵੱਲੋਂ ਏਅਰਪੌਡਜ਼ ਦੇ ਪਾਣੀ ਨਿਰੋਧੀ ਹੋਣ ਦਾ ਦਾਅਵਾ ਖਰਾ ਸਾਬਤ ਹੋਇਆ।