ਈਚਿੰਗ: ਚੀਨ ਵਿੱਚ ਇੱਕ ਆਨਲਾਈਨ ਪਲੇਟਫਾਰਮ ਰਾਹੀਂ ਉਧਾਰ ਲੈਣ ਤੇ ਬਤੌਰ ਜ਼ਮਾਨਤ ਆਪਣੀਆਂ ਨਿਊਡ ਤਸਵੀਰਾਂ ਜਮ੍ਹਾਂ ਕਰਨ ਵਾਲੀਆਂ ਲੜਕੀਆਂ ਦੀਆਂ ਹਜ਼ਾਰਾਂ ਫੋਟੋ ਲੀਕ ਕਰ ਦਿੱਤੀਆਂ ਗਈਆਂ ਹਨ। ਲੀਕ ਹੋਈਆਂ ਇਨ੍ਹਾਂ ਤਸਵੀਰਾਂ ਦੀ ਗਿਣਤੀ 10 ਜੀ ਬੀ ਬਣਦੀ ਹੈ। ਇਕ ਰਿਪੋਰਟ ਅਨੁਸਾਰ ਉਧਾਰ ਦੇਣ ਵਾਲਾ ਪਾਪੂਲਰ ਆਨਲਾਈਨ ਪਲੇਟਫਾਰਮ ਜਿਦਾਈਬਾਓ ਇਸ ਕੇਸ ਵਿੱਚ ਸ਼ਾਮਿਲ ਮੰਨਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਕਈ ਲੋਕ ਇਸ ਪਲੇਟਫਾਰਮ ਤੋਂ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਉੱਚੀ ਵਿਆਜ਼ ਦਰ ਉੱਤੇ ਕਰਜ਼ਾ ਦਿੰਦੇ ਹਨ। ਇਸ ਦੇ ਬਦਲੇ ਜ਼ਮਾਨਤ ਵਜੋਂ ਵਿਦਿਆਰਥਣਾਂ ਦੀਆਂ ਨਿਊਡ ਤਸਵੀਰਾਂ ਮੰਗ ਲੈਂਦੇ ਹਨ। ਇਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਆਈ ਡੀ ਕਾਰਡ ਨਾਲ ਇਹ ਨਿਊਡ ਤਸਵੀਰਾਂ ਖਿਚਾਉਣੀਆਂ ਹੁੰਦੀਆਂ ਹਨ। ਕਰਜ਼ਾ ਲੈਣ ਵਾਲੀਆਂ ਜ਼ਿਆਦਾ ਵਿਦਿਆਰਥਣਾਂ ਦੀ ਉਮਰ 19 ਤੋਂ 23 ਸਾਲ ਵਿਚਾਲੇ ਹੈ। ਕਰਜ਼ੇ ਦੀ ਸ਼ਰਤ ਸਿਰਫ ਨਿਊਡ ਤਸਵੀਰਾਂ ਤੱਕ ਹੀ ਸੀਮਿਤ ਨਹੀਂ। ਜਿਹੜੀਆਂ ਚੀਜ਼ਾਂ ਲੀਕ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਉਧਾਰ ਦੇਣ ਵਾਲੇ ਅਤੇ ਇਨ੍ਹਾਂ ਵਿਦਿਆਰਥਣਾਂ ਵਿਚਾਲੇ ਗੱਲਬਾਤ ਦਾ ਸਕਰੀਨ ਸ਼ਾਟ ਵੀ ਹੈ। ਅਜਿਹੇ ਇਕ ਸਕਰੀਨ ਸ਼ਾਟ ਵਿੱਚ ਉਧਾਰ ਦੇਣ ਵਾਲਾ ਸ਼ਖਸ ਇਕ ਵਿਦਿਆਰਥਣ ਤੋਂ ਕਈ ਕਿਸਮ ਦੀ ਗਲਤ ਵੀਡੀਓ ਸ਼ੇਅਰ ਕਰਨ ਦੀ ਮੰਗ ਵੀ ਕਰ ਰਿਹਾ ਹੈ। ਜ਼ਿਕਰ ਯੋਗ ਹੈ ਕਿ ਜਿਦਾਈਬਾਓ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਕੋਈ ਵੀ ਕਰਜ਼ਾ ਲੈ ਜਾਂ ਦੇ ਸਕਦਾ ਹੈ। ਕਰਜ਼ੇ ਲਈ ਉਹ ਖੁਦ ਆਪੋ ਵਿੱਚ ਸ਼ਰਤਾਂ ਤੈਅ ਕਰ ਸਕਦੇ ਹਨ। ਕਰਜ਼ਾ ਦੇਣ ਵਾਲੇ ਖਾਸ ਤੌਰ ਉੱਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਨ੍ਹਾਂ ਨੂੰ ਵਿੱਤੀ ਲੈਣ-ਦੇਣ ਦਾ ਜ਼ਿਆਦਾ ਪਤਾ ਨਹੀਂ ਹੁੰਦਾ। ਇਹ ਮਾਮਲਾ ਸਾਹਮਣੇ ਆਉਣ ਪਿੱਛੋਂ ਜਿਦਾਈਬਾਓ ਨੇ ਕਿਹਾ ਹੈ ਕਿ ਕਰਜ਼ੇ ਦੇ ਬਦਲੇ ਨਿਊਡ ਤਸਵੀਰਾਂ ਸਾਂਝੀਆਂ ਕਰਨ ਬਾਰੇ ਯੂਜ਼ਰਸ ਦੀ ਆਪੋ ਵਿੱਚ ਪ੍ਰਾਈਵੇਟ ਡੀਲ ਹੈ ਅਤੇ ਇਸ ਉੱਤੇ ਕੰਪਨੀ ਦਾ ਕੰਟਰੋਲ ਨਹੀਂ ਹੈ। ਜਿਦਾਈਬਾਓ ਨੇ ਕਿਹਾ, ‘ਅਸੀਂ ਪੁਲਸ ਨੂੰ ਸੂਚਨਾ ਦਿੱਤੀ ਹੈ ਤੇ ਕੰਪਨੀ ਦੀ ਸਾਖ ਬਚਾਉਣ ਲਈ ਸਾਡੇ ਕੋਲ ਲੋੜੀਂਦੇ ਸਬੂਤ ਹਨ। ਜਿਨ੍ਹਾਂ ਲੋਕਾਂ ਨੇ ਨਿਊਡ ਤਸਵੀਰਾਂ ਲੀਕ ਕੀਤੀਆਂ, ਉਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’