Viral News: ਦੁਨੀਆਂ ਇੱਕ ਤੋਂ ਵੱਧ ਇੱਕ ਅਜੀਬ ਚੀਜ਼ਾਂ ਨਾਲ ਭਰੀ ਹੋਈ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਦਰਤ ਖੁਦ ਸਾਨੂੰ ਅਨੋਖੇ ਨਜ਼ਾਰੇ ਦਿਖਾਉਂਦੀ ਹੈ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਨਸਾਨ ਅਜੀਬੋ-ਗਰੀਬ ਕੰਮ ਕਰਦੇ ਹਨ। ਅੱਜ ਅਸੀਂ ਤੁਹਾਨੂੰ ਬਿਲਕੁਲ ਵੱਖਰੇ ਤਰ੍ਹਾਂ ਦੇ ਸਮਝੌਤੇ ਬਾਰੇ ਦੱਸਾਂਗੇ, ਜਿਸ ਨੇ ਇੱਕ ਟਾਪੂ ਨੂੰ ਮਸ਼ਹੂਰ ਕਰ ਦਿੱਤਾ ਹੈ।


ਜਿੱਥੇ ਦੁਨੀਆਂ ਵਿੱਚ ਇੱਕ-ਇੱਕ ਇੰਚ ਜ਼ਮੀਨ ਪਿੱਛੇ ਜੰਗ ਹੋ ਜਾਂਦੀ ਹੈ, ਉੱਥੇ ਇੱਕ ਅਜਿਹਾ ਟਾਪੂ ਵੀ ਹੈ, ਜੋ ਹਰ 6 ਮਹੀਨੇ ਬਾਅਦ ਕਿਸੇ ਹੋਰ ਦੇਸ਼ ਦੇ ਨਕਸ਼ੇ ਵਿੱਚ ਆਉਂਦਾ ਹੈ। ਬਿਨਾਂ ਕਿਸੇ ਝਗੜੇ ਜਾਂ ਹੰਗਾਮੇ ਦੇ ਅੱਧੇ ਸਾਲ ਬਾਅਦ ਇਹ ਟਾਪੂ ਅਗਲੇ ਦੇਸ਼ ਦੇ ਕਬਜ਼ੇ ਵਿੱਚ ਆ ਜਾਂਦਾ ਹੈ ਤੇ ਇਹ ਸਿਲਸਿਲਾ ਸਦੀਆਂ ਤੋਂ ਚੱਲ ਰਿਹਾ ਹੈ। ਇਸ ਦੁਨੀਆ 'ਚ ਕਈ ਤਰ੍ਹਾਂ ਦੇ ਟਾਪੂ ਹਨ ਪਰ ਸ਼ਾਇਦ ਹੀ ਤੁਸੀਂ ਇਸ ਟਾਪੂ ਬਾਰੇ ਜਾਣਦੇ ਹੋਵੋਗੇ, ਜਿਸ 'ਤੇ ਇੱਕੋ ਸਮੇਂ ਦੋ ਦੇਸ਼ਾਂ ਦਾ ਕਬਜ਼ਾ ਹੈ?



ਧਰਤੀ 'ਤੇ ਬਹੁਤ ਸਾਰੇ ਛੋਟੇ-ਵੱਡੇ ਟਾਪੂ ਹਨ, ਜੋ ਆਪਣੇ ਸਥਾਨ, ਸੁੰਦਰਤਾ ਜਾਂ ਕੁਝ ਖਾਸ ਨਿਯਮਾਂ ਕਾਰਨ ਮਸ਼ਹੂਰ ਹਨ। ਹਾਲਾਂਕਿ ਕੁਝ ਟਾਪੂ ਉਜਾੜ ਵੀ ਹਨ, ਜਿੱਥੇ ਕੋਈ ਨਹੀਂ ਰਹਿੰਦਾ। ਹਾਲਾਂਕਿ, ਅੱਜ ਅਸੀਂ ਤੁਹਾਨੂੰ ਅਜਿਹੇ ਟਾਪੂ ਬਾਰੇ ਦੱਸਣ ਜਾ ਰਹੇ ਹਾਂ, ਜੋ ਰਾਜਨੀਤਕ ਤੇ ਭੂਗੋਲਿਕ ਤੌਰ 'ਤੇ ਵਿਲੱਖਣ ਹੈ। ਇਸ ਟਾਪੂ ਦਾ ਨਾਂ ਫੀਜ਼ੈਂਟ ਆਈਲੈਂਡ ਹੈ। ਇਹ ਦੁਨੀਆ ਦਾ ਇਕਲੌਤਾ ਟਾਪੂ ਹੈ, ਜਿਸ 'ਤੇ ਇੱਕੋ ਸਮੇਂ ਦੋ ਦੇਸ਼ਾਂ ਦਾ ਕਬਜ਼ਾ ਹੈ ਤੇ ਦੋਵੇਂ ਦੇਸ਼ ਇਸ 'ਤੇ 6-6 ਮਹੀਨੇ ਰਾਜ ਕਰਦੇ ਹਨ। ਇਸ ਬਾਰੇ ਪੂਰੀ ਜਾਣਕਾਰੀ ਦਿ ਟਿਮ ਟਰੈਵਲਰ ਨਾਮ ਦੇ ਯੂਟਿਊਬ ਚੈਨਲ 'ਤੇ ਦਿੱਤੀ ਗਈ ਹੈ।



ਇਹ ਟਾਪੂ ਫਰਾਂਸ ਤੇ ਸਪੇਨ ਦੇ ਵਿਚਕਾਰ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੋਵੇਂ ਦੇਸ਼ 350 ਸਾਲ ਪਹਿਲਾਂ ਇਸ ਟਾਪੂ ਨੂੰ ਲੈ ਕੇ ਸਹਿਮਤ ਹੋਏ ਹਨ। ਸੰਨ 1659 ਵਿੱਚ ਇਸ ਟਾਪੂ ਦੀ ਅਦਲਾ-ਬਦਲੀ ਨੂੰ ਲੈ ਕੇ ਫਰਾਂਸ ਤੇ ਸਪੇਨ ਦੋਹਾਂ ਵਿਚਕਾਰ ਸ਼ਾਂਤੀ ਸਮਝੌਤਾ ਹੋਇਆ ਸੀ, ਜਿਸ ਨੂੰ ਪਾਈਨਜ਼ ਦੀ ਸੰਧੀ ਕਿਹਾ ਜਾਂਦਾ ਹੈ। ਹਾਲਾਂਕਿ ਇਸ ਨੂੰ ਲੈ ਕੇ ਦੋਹਾਂ ਦੇਸ਼ਾਂ 'ਚ ਕਾਫੀ ਲੜਾਈ ਹੋ ਚੁੱਕੀ ਹੈ। ਸੰਧੀ ਤੋਂ ਬਾਅਦ, ਇਹ 200 ਮੀਟਰ ਲੰਬਾ ਤੇ 40 ਮੀਟਰ ਚੌੜਾ ਟਾਪੂ 1 ਅਗਸਤ ਤੋਂ 31 ਜਨਵਰੀ ਤੱਕ ਫਰਾਂਸ ਦੇ ਕਬਜ਼ੇ ਵਿੱਚ ਰਹਿੰਦਾ ਹੈ, ਤੇ ਫਿਰ 1 ਫਰਵਰੀ ਤੋਂ 31 ਜੁਲਾਈ ਤੱਕ ਇਹ ਸਪੇਨ ਦੇ ਕਬਜ਼ੇ ਵਿੱਚ ਰਹਿੰਦਾ ਹੈ।