ਬੁੱਲਢਾਨਾ: ਮਹਾਰਾਸ਼ਟਰ ਦੇ ਬੁੱਲਢਾਨਾ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਜ਼ਿਲ੍ਹੇ ਵਿੱਚ ਮੌਜੂਦ ਲੋਨਾਰ ਝੀਲ (Lonar lake) ਦਾ ਪਾਣੀ ਅਚਾਨਕ ਲਾਲ ਦਿਖਣ ਲੱਗ ਪਿਆ ਹੈ। ਪਾਣੀ ਦੇ ਰੰਗ ‘ਚ ਅਚਾਨਕ ਹੋਏ ਬਦਲਾਅ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਝੀਲ ਦੇ ਪਾਣੀ ਦੇ ਰੰਗ ਵਿੱਚ ਅਜਿਹੀ ਤਬਦੀਲੀ ਪਹਿਲੀ ਵਾਰ ਵੇਖੀ ਗਈ ਹੈ, ਜਿਸ ਕਾਰਨ ਨਾਸਾ ਤੱਕ ਦੇ ਵਿਗਿਆਨੀ ਵੀ ਹੈਰਾਨ ਹਨ। ਲੋਕਾਂ ਨੇ ਇਹ ਜਾਣਕਾਰੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਹੈ। ਸਥਾਨਕ ਪ੍ਰਸ਼ਾਸਨ ਨੇ ਵੀ ਇਸ ਦਾ ਕਾਰਨ ਪਤਾ ਕਰਨ ਲਈ ਕਾਰਵਾਈ ਆਰੰਭ ਦਿੱਤੀ ਹੈ।
ਮਹਾਰਾਸ਼ਟਰ ਦੇ ਬੁੱਲਢਾਨਾ ਦੀ ਝੀਲ ਨੂੰ ਬਹੁਤ ਰਹੱਸਮਈ ਮੰਨਿਆ ਜਾਂਦਾ ਹੈ। ਇਸ ਝੀਲ ਦਾ ਪਤਾ ਲਗਾਉਣ ਲਈ ਵਿਸ਼ਵ ਭਰ ਦੀਆਂ ਏਜੰਸੀਆਂ ਸਾਲਾਂ ਤੋਂ ਕੰਮ ਕਰ ਰਹੀਆਂ ਹਨ। ਲਗਪਗ 7 ਕਿਲੋਮੀਟਰ ਦੇ ਵਿਆਸ ਵਿੱਚ ਫੈਲੀ ਇਹ ਝੀਲ ਆਕਾਰ ਵਿੱਚ ਗੋਲ ਹੈ। ਇਸ ਦੀ ਡੂੰਘਾਈ 150 ਮੀਟਰ ਹੈ, ਵਿਗਿਆਨੀ ਕਹਿੰਦੇ ਹਨ ਕਿ ਇਹ ਝੀਲ ਉਲਕਾ ਪਿੰਡ ਦੇ ਡਿੱਗਣ ਨਾਲ ਬਣੀ ਹੋਵੇਗੀ।
ਝੀਲ ਦੇ ਪਾਣੀ ਦਾ ਰੰਗ ਬਦਲਣ ਬਾਰੇ ਵਿਗਿਆਨੀਆਂ ਦੀ ਵੱਖੋ ਵੱਖਰੀ ਰਾਏ ਹੈ। ਕੁਝ ਵਿਗਿਆਨੀ ਕਹਿੰਦੇ ਹਨ, ਝੀਲ 'ਚ ਹੈਲੋਬੈਕਟੀਰੀਆ ਤੇ ਡੋਨੋਨੀਲਾ ਸਲੀਨਾ ਨਾਮ ਦੀ ਫੰਗਸ ਦੇ ਚਲਦੇ ਝੀਲ ਲਾਲ ਹੋ ਗਈ ਹੈ।