ਹਸਨ: ਤਿੰਨ ਜਣਿਆਂ ਦੀ ਕਿਸਮਤ ਦਾ ਫੈਸਲਾ ਇੱਕ ਸਿੱਕਾ ਉਛਾਲ਼ ਕੇ ਕੀਤਾ ਗਿਆ। ਇੱਥੇ ਇਹ ਕਹਾਣੀ ਕਿਸੇ ਫਿਲਮੀ ਪਲਾਟ ਤੋਂ ਘੱਟ ਨਹੀਂ। ਇਹ ਘਟਨਾ ਕਰਨਾਟਕ ਦੇ ਸਕਲੇਸ਼ਪੁਰ ਪਿੰਡ ਦੀ ਹੈ। ਇਹ ਕਹਾਣੀ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਸੀ, ਜਦੋਂ ਸਕਲੇਸ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ 27 ਸਾਲਾ ਇੱਕ ਨੌਜਵਾਨ ਨੇ ਇੱਕ ਨੇੜਲੇ ਪਿੰਡ ਦੀ 20 ਸਾਲਾ ਲੜਕੀ ਨਾਲ ਪਿਆਰ-ਪੀਂਘਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਛੇ ਮਹੀਨਿਆਂ ਬਾਅਦ, ਉਹ ਕਿਸੇ ਹੋਰ ਲਾਗਲੇ ਪਿੰਡ ਦੀ ਇੱਕ ਹੋਰ ਲੜਕੀ ਨੂੰ ਮਿਲਿਆ ਤੇ ਉਸ ਨਾਲ ਵੀ ਉਸ ਦੀ 'ਦੋਸਤੀ' ਪੈ ਗਈ। ਉਹ ਦੋਵੇਂ ਲੜਕੀਆਂ ਨੂੰ ਬਾਕਾਇਦਾ ਮਿਲਦਾ ਰਿਹਾ।
ਦੋਵੇਂ ਲੜਕੀਆਂ ਨੂੰ ਪਤਾ ਨਹੀਂ ਸੀ ਕਿ ਲੜਕਾ ਉਨ੍ਹਾਂ ਨਾਲ ਦੋਹਰੀ ਚਾਲ ਖੇਡ ਰਿਹਾ ਸੀ। ਮੁਸੀਬਤ ਉਦੋਂ ਸ਼ੁਰੂ ਹੋਈ, ਜਦੋਂ ਉਸ ਲੜਕੇ ਨੂੰ ਉਸ ਦੇ ਆਪਣੇ ਹੀ ਇੱਕ ਰਿਸ਼ਤੇਦਾਰ ਨੇ ਇੱਕ ਲੜਕੀ ਨਾਲ ਦੇਖਿਆ ਤੇ ਉਸ ਦੇ ਪਿਤਾ ਨੂੰ ਇਸ ਬਾਰੇ ਦੱਸਿਆ। ਤਦ ਪਰਿਵਾਰ ਨੂੰ ਉਸ ਨੇ ਕਿਹਾ ਕਿ ਉਹ ਲੜਕੀ ਨਾਲ ਪਿਆਰ ਕਰਦਾ ਹੈ ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਪਰਿਵਾਰ ਇਸ ਨਾਲ ਸਹਿਮਤ ਨਹੀਂ ਸੀ; ਇਸੇ ਲਈ ਉਸ ਦਾ ਵਿਆਹ ਕਿਸੇ ਹੋਰ ਨਾਲ ਕਰਨ ਦਾ ਫ਼ੈਸਲਾ ਲੈ ਲਿਆ ਗਿਆ।
ਉੱਧਰ ਜਦੋਂ ਇੱਕ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ। ਲੜਕੀ ਦੇ ਪਰਿਵਾਰ ਨੇ ਉਸ ਆਦਮੀ ਦੇ ਘਰ ਜਾ ਕੇ ਕਥਿਤ ਸਬੰਧਾਂ ਬਾਰੇ ਦੱਸਿਆ। ਇਸੇ ਦੌਰਾਨ, ਦੂਜੀ ਲੜਕੀ ਨੂੰ ਵੀ ਪਤਾ ਲੱਗ ਗਿਆ ਕਿ ਉਸ ਦੇ ਪ੍ਰੇਮੀ ਨਾਲ ਕੀ ਹੋ ਰਿਹਾ ਹੈ ਤੇ ਉਸ ਦਾ ਪਰਿਵਾਰ ਵੀ ਉਸ ਆਦਮੀ ਦੇ ਘਰ ਪਹੁੰਚ ਗਿਆ। ਦੋਵੇਂ ਲੜਕੀਆਂ ਦੇ ਪਰਿਵਾਰਾਂ ਨੂੰ ਦੇਖ ਕੇ ਲੜਕੇ ਦੇ ਮਾਪੇ ਪ੍ਰੇਸ਼ਾਨ ਹੋ ਗਏ। ਤਦ ਤਕ, ਪੂਰੇ ਪਿੰਡ ਨੇ ਪਿਆਰ ਦੇ ਇਸ ਤਿਕੋਣ (Love Triangle) ਦੀ ਸਾਰੀ ਕਹਾਣੀ ਜਾਣ ਲਈ ਸੀ।
ਫਿਰ ਪੰਚਾਇਤ ਸੱਦੀ ਗਈ ਤੇ ਦੋਵੇਂ ਲੜਕੀਆਂ ਨੇ ਲੰਮੀ ਬਹਿਸ ਕੀਤੀ। ਕਮਾਲ ਦੀ ਗੱਲ ਇਹ ਰਹੀ ਕਿ ਮੁੰਡੇ ਨੇ ਇੱਕ ਸ਼ਬਦ ਨਹੀਂ ਕਿਹਾ। ਤਦ ਪੰਚਾਇਤ ਵੀ ਕੋਈ ਫ਼ੈਸਲਾ ਨਾ ਲੈ ਸਕੀ। ਇਸ ਗੱਲ ਤੋਂ ਦੁਖੀ ਹੋ ਕੇ ਕਿ ਉਸ ਨਾਲ ਧੋਖਾ ਕੀਤਾ ਜਾ ਰਿਹਾ ਸੀ, ਪਹਿਲੀ ਲੜਕੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤੀ ਨਾਲ, ਉਸ ਦੀ ਜਾਨ ਬਚਾ ਲਈ ਗਈ।
ਫਿਰ 4 ਸਤੰਬਰ ਨੂੰ ਦੂਜੀ ਵਾਰ ਪੰਚਾਇਤ ਸੱਦੀ ਗਈ। ਮੁੰਡਾ ਤੇ ਦੋਵੇਂ ਲੜਕੀਆਂ ਦੇ ਪਰਿਵਾਰ ਮੌਜੂਦ ਸਨ। ਇੱਕ ਵਕੀਲ ਨੂੰ ਤਿੰਨੋਂ ਧਿਰਾਂ ਦੇ ਲਈ ਸਟੈਂਪ ਪੇਪਰ ਉੱਤੇ ਸਮਝੌਤਾ ਤਿਆਰ ਕਰਨ ਲਈ ਬੁਲਾਇਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਚਾਇਤ ਦਾ ਫੈਸਲਾ ਅੰਤਮ ਹੋਵੇਗਾ। ਨਾਲ ਹੀ, ਕੋਈ ਵੀ ਪੁਲਿਸ, ਅਦਾਲਤ ਜਾਂ ਮੀਡੀਆ ਕੋਲ ਨਹੀਂ ਜਾਵੇਗਾ; ਭਾਵੇਂ ਫੈਸਲਾ ਉਨ੍ਹਾਂ ਦੇ ਪੱਖ ਵਿੱਚ ਨਾ ਹੋਵੇ। ਤਿੰਨੋਂ ਧਿਰਾਂ ਨੇ ਸਹਿਮਤੀ ਦਿੱਤੀ ਤੇ ਉਕਤ ਸਮਝੌਤੇ 'ਤੇ ਦਸਤਖਤ ਕੀਤੇ।
ਇਹ ਗੰਭੀਰਤਾ ਨਾਲ ਫੈਸਲਾ ਕੀਤਾ ਗਿਆ ਸੀ ਕਿ ਪੰਚਾਇਤ ਇੱਕ ਸਿੱਕਾ ਉਛਾਲ਼ (ਟੌਸ ਕਰ) ਕੇ ਇਹ ਤੈਅ ਕਰੇਗੀ ਕਿ ਕਿਹੜੀ ਲੜਕੀ ਨੂੰ ਇਸ ਲੜਕੇ ਨਾਲ ਵਿਆਹ ਕਰਨਾ ਚਾਹੀਦਾ ਹੈ। ਉਸ ਛਿਣ ਤੱਕ, ਲੜਕੇ ਨੇ ਆਪਣੀ ਇੱਛਾ ਜ਼ਾਹਰ ਨਹੀਂ ਕੀਤੀ ਅਤੇ ਨਾ ਹੀ ਆਪਣੇ ਫੈਸਲੇ ਬਾਰੇ ਕੁਝ ਕਿਹਾ।
ਟੌਸ ਪਹਿਲੀ ਲੜਕੀ (ਜਿਸਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ) ਦੇ ਹੱਕ ਵਿੱਚ ਰਹੀਅਤੇ ਲੜਕਾ ਉਸ ਨਾਲ ਵਿਆਹ ਕਰਨ ਲਈ ਸਹਿਮਤ ਹੋ ਗਿਆ। ਫਿਰ ਉਹ ਲੜਕਾ ਉਸ ਪਹਿਲੀ ਲੜਕੀ ਵੱਲ ਵਧਿਆ ਤੇ ਪੰਚਾਇਤ ਦੇ ਸਾਹਮਣੇ ਹੀ ਉਸ ਨੂੰ ਜੱਫੀ ਪਾ ਲਈ। ਪਰ, ਦੂਜੀ ਕੁੜੀ ਜੋ ਤਦ ਤੱਕ ਸਿਰਫ ਇੱਕ ਦਰਸ਼ਕ ਸੀ, ਨੇ ਅੰਤ ਵਿੱਚ ਅਜਿਹੀ ਕਾਰਵਾਈ ਕਿ ਹਰ ਪਾਸੇ ਉਸ ਦੀ ਹੀ ਚਰਚਾ ਹੋਣ ਲੱਗੀ।
ਉਹ ਅੱਗੇ ਆਈ, ਜਿੱਤਣ ਵਾਲੀ ਲੜਕੀ ਨੂੰ ਸ਼ੁਭ ਕਾਮਨਾ ਦਿੱਤੀ ਪਰ ਨਾਲ ਹੀ ਉਸ ਨੇ ਲੜਕੇ ਦੇ ਥੱਪੜ ਵੀ ਮਾਰਿਆ ਤੇ ਜਾਣ ਤੋਂ ਪਹਿਲਾਂ ਉਸ ਲੜਕੇ ਨੂੰ ਚੇਤਾਵਨੀ ਵੀ ਦਿੱਤੀ।
ਇਹ ਵੀ ਪੜ੍ਹੋ: Punjab Police: ਪੰਜਾਬ ਪੁਲਿਸ ’ਚ ਵੱਡਾ ਫੇਰ-ਬਦਲ, 5 ਨਵੇਂ IPS ਦੀਆਂ ਨਿਯੁਕਤੀਆਂ, 70 ਡੀਐਸਪੀ ਬਦਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904