ਸ਼ਿਕਾਗੋ: ਕੋਰੋਨਾ ਕਾਲ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੈ। ਅਸੀਂ ਜਦੋਂ ਵੀ ਕਿਸੇ ਸ਼ਾਪਿੰਗ ਮਾਲ, ਦੁਕਾਨ ਜਾਂ ਜਨਤਕ ਥਾਂ ਉਪਰ ਜਾਨੇ ਹਾਂ ਤਾਂ ਸਾਨੂੰ ਮਾਸਕ ਦੀ ਵਰਤੋਂ ਕਰਨੀ ਜ਼ਰੂਰੀ ਹੈ ਪਰ ਅਮਰੀਕਾ ਦੇ ਸ਼ਿਕਾਗੋ ਦੀਆਂ ਇਹ ਦੋ ਭੈਣਾਂ ਮਾਸਕ ਪਾਉਣ ਲਈ ਤਿਆਰ ਨਹੀਂ ਸੀ। ਜਦੋਂ ਉਨ੍ਹਾਂ ਨੂੰ ਇੱਕ ਸੁਰੱਖਿਆ ਕਰਮਚਾਰੀ ਨੇ ਮਾਸਕ ਪਾਉਣ ਲਈ ਕਿਹਾ ਤਾਂ ਦੋਨਾਂ ਭੈਣਾਂ ਨੇ ਗਾਰਡ ਤੇ ਕਥਿਤ ਤੌਰ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਹਮਲਾ ਇੱਕ ਜਾਂ ਦੋ ਵਾਰ ਨਹੀਂ ਬਲਕਿ 27 ਵਾਰ ਕੀਤਾ ਗਿਆ। ਫਿਲਹਾਲ ਜ਼ਖਮੀ ਗਾਰਡ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੋਨਾਂ ਭੈਣਾਂ ਨੂੰ ਇਸ ਹਮਲੇ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੀੜਤ ਗਾਰਡ ਦੀ ਹਾਲਤ ਗੰਭੀਰ ਪੁਲਿਸ ਮੁਤਾਬਕ ਐਤਵਾਰ ਰਾਤ ਨੂੰ ਜੈਸਿਕਾ ਤੇ ਜਾਏਲਾ ਹਿੱਲ ਨੇ 32 ਸਾਲਾ ਸੁਰੱਖਿਆ ਕਰਮੀ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ। ਪੀੜਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਗਾਰਡ ਨੇ ਸਿਰਫ ਮਹਿਲਾਵਾਂ ਨੂੰ ਮਾਸਕ ਪਾਉਣ ਲਈ ਬੇਨਤੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਜੈਸਿਕਾ ਨੇ ਆਪਣੀ ਜੇਬ ਵਿਚੋਂ ਚਾਕੂ ਕੱਢਿਆ ਤੇ ਗਾਰਡ ਤੇ ਹਮਲਾ ਕਰ ਦਿੱਤਾ ਜਦਕਿ ਜਾਏਲਾ ਨੇ ਉਸ ਨੂੰ ਵਾਲਾਂ ਤੋਂ ਫੜ੍ਹ ਰੱਖਿਆ ਸੀ। ਮਹਿਲਾਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਕੋਰਟ 'ਚ ਪੇਸ਼ ਕੀਤਾ ਗਿਆ। ਜਿੱਥੇ ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਹਿਲਾਵਾਂ ਨੇ ਗਾਰਡ ਤੇ ਹਮਲਾ ਆਪਣੇ ਬਚਾਅ ਲਈ ਕੀਤਾ ਸੀ ਤੇ ਦੋਨਾਂ ਨੂੰ 'ਬਾਏਪੋਲਰ ਡਿਸਆਡਰ' ਬਿਮਾਰੀ ਹੈ।