ਹਨੋਈ: ਵੀਅਤਨਾਮ 'ਚ 20 ਸਾਲ ਦਾ ਹੁਣ ਤਕ ਦਾ ਭਿਆਨਕ ਤੂਫਾਨ 'ਟਾਇਫੂਨ' ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਕਿਸ਼ਤੀਆਂ 'ਚ ਸਵਾਰ 12 ਮਛੇਰੇ ਸਮੁੰਦਰ 'ਚ ਲਾਪਤਾ ਹੋ ਗਏ। ਵੀਅਤਨਾਮ 'ਚ ਖਤਰਨਾਕ ਤੂਫਾਨ ਦੀ ਦਸਤਕ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ।


150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਈਆਂ ਤੇਜ਼ ਹਵਾਵਾਂ ਦੌਰਾਨ ਵਿਅਕਤੀ ਛੱਤ ਤੋਂ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਧਰ ਸਮੁੰਦਰ 'ਚ ਲਾਪਤਾ ਮਛੇਰਿਆਂ ਦੀ ਭਾਲ ਲਈ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਵੀਟੀਵੀ ਨੈੱਟਵਰਕ ਵੱਲੋਂ ਦੱਸਿਆ ਗਿਆ ਕਿ ਜਲ ਸੈਨਾ ਵੱਲੋਂ ਮਛੇਰਿਆਂ ਦੀ ਭਾਲ ਲਈ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ।


ਭਿਆਨਕ ਤੂਫਾਨ ਦੇ ਚੱਲਦਿਆਂ ਕਰੀਬ 40,000 ਲੋਕਾਂ ਨੂੰ ਸਮੁੰਦਰੀ ਕੰਢੇ ਤੋਂ ਦੂਰ ਰਾਹਤ ਕੈਂਪਾ 'ਚ ਪਹੁੰਚਾਇਆ ਗਿਆ ਹੈ। ਪ੍ਰਧਾਨ ਮੰਤਰੀ ਨਗੂਯੇਨ ਜ਼ੁਆਨ ਫੁਕ ਨੇ ਹੁਕਮ ਦਿੱਤੇ ਕਿ ਤੂਫਾਨ ਦੇ ਰਾਹ 'ਚ ਆਉਣ ਵਾਲੇ 1.3 ਮਿਲੀਅਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇ।


ਟਾਇਫੂਨ ਦੇ ਖਤਰੇ ਨੂੰ ਦੇਖਦਿਆਂ ਸੂਬਾਈ ਅਧਿਕਾਰੀਆਂ ਵੱਲੋਂ ਦਫਤਰ, ਫੈਕਟਰੀਆਂ ਤੇ ਸਕੂਲ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ। ਵੀਅਤਨਾਮ ਅਜੇ ਹੜ੍ਹਾਂ ਤੇ ਢਿੱਗਾਂ ਡਿੱਗਣ ਦੀ ਸਥਿਤੀ 'ਚੋਂ ਉੱਭਰ ਰਿਹਾ ਹੈ ਜਿਨ੍ਹਾਂ 'ਚ 136 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਲਾਪਤਾ ਹੋ ਗਏ ਸਨ। ਇਸ ਦੌਰਾਨ ਹੀ ਹੁਣ 'ਟਾਇਫੂਨ' ਨੇ ਘੇਰਾ ਪਾ ਲਿਆ ਹੈ।


ਤੂਫਾਨ ਦੇ ਖਤਰੇ ਨੂੰ ਦੇਖਦਿਆਂ ਪੰਜ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ, 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮੌਸਮ ਨੂੰ ਦੇਖਦਿਆਂ ਰੇਲ ਸੇਵਾਵਾਂ ਵੀ ਫਿਲਹਾਲ ਲਈ ਮੁਅੱਤਲ ਕਰ ਦਿੱਤੀਆਂ ਹਨ। 'ਟਾਇਫੂਨ' ਦੇ ਵੀਅਤਨਾਮ ਵੱਲ ਦਸਤਕ ਦੇਣ ਤੋਂ ਪਹਿਲਾਂ ਇਸ ਖਤਰਨਾਕ ਤੂਫਾਨ ਦੀ ਲਪੇਟ 'ਚ ਫਿਲਪੀਨਜ਼ 'ਚ 9 ਲੋਕਾਂ ਦੀ ਮੌਤ ਹੋ ਗਈ ਤੇ 1,20,000 ਲੋਕ ਬੇਘਰ ਹੋ ਗਏ ਹਨ। ਹੁਣ ਇਸ ਤੂਫਾਨ ਦਾ ਖਤਰਾ ਵੀਅਤਨਾਮ 'ਤੇ ਮੰਡਰਾਇਆ ਹੋਇਆ ਹੈ।