ਨਿਊਯਾਰਕ: ਓਰੇਗਨ ਦਾ ਇੱਕ ਜੋੜਾ 30 ਸਾਲ ਪਹਿਲਾਂ ਅਪ੍ਰੈਲ 1992 'ਚ ਜੰਮੇ ਹੋਏ ਭਰੂਣਾਂ ਤੋਂ ਜੁੜਵਾਂ ਬੱਚਿਆਂ ਦੇ ਮਾਪੇ ਬਣੇ ਹਨ। ਪਿਛਲਾ ਰਿਕਾਰਡ ਕਾਇਮ ਕਰਨ ਵਾਲਾ ਮੌਲੀ ਗਿਬਸਨ ਸੀ, ਜਿਸ ਦਾ ਜਨਮ 2020 'ਚ ਇੱਕ ਭਰੂਣ ਤੋਂ ਹੋਇਆ ਸੀ, ਜੋ ਲਗਭਗ 27 ਸਾਲਾਂ ਤੋਂ ਜੰਮਿਆ ਹੋਇਆ ਸੀ। ਓਰੇਗਨ ਦੇ ਜੁੜਵਾਂ ਬੱਚਿਆਂ ਨੂੰ ਦੁਨੀਆ ਦੇ ਸਭ ਤੋਂ ਪੁਰਾਣੇ ਬੱਚੇ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦਾ ਜਨਮ 31 ਅਕਤੂਬਰ ਨੂੰ ਰਚੇਲ ਰਿਡਗਵੇ ਅਤੇ ਫਿਲਿਪ ਰਿਡਗਵੇ ਦੇ ਘਰ ਹੋਇਆ ਸੀ। ਨੈਸ਼ਨਲ ਐਂਬ੍ਰੀਓ ਡੋਨੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਲਿਡੀਆ ਅਤੇ ਟਿਮੋਥੀ ਰਿਡਗਵੇ ਨਾਮ ਦੇ ਜੁੜਵਾਂ ਬੱਚੇ ਸਭ ਤੋਂ ਲੰਬੇ ਸਮੇਂ ਤੋਂ ਜੰਮੇ ਹੋਏ ਭਰੂਣ ਤੋਂ ਪੈਦਾ ਹੋਏ ਹਨ। ਕੁੜੀ ਲਿਡੀਆ ਦਾ ਭਾਰ 5 ਪੌਂਡ 11 ਔਂਸ (2.5 ਕਿਲੋਗ੍ਰਾਮ) ਅਤੇ ਮੁੰਡੇ ਟਿਮੋਥੀ ਦਾ ਭਾਰ 6 ਪੌਂਡ 7 ਔਂਸ (2.92 ਕਿਲੋਗ੍ਰਾਮ) ਸੀ।


ਦੋਵੇਂ ਬੱਚੇ ਭਰੂਣ ਦਾਨ ਦਾ ਨਤੀਜਾ ਹਨ। ਇਹ ਆਮ ਤੌਰ 'ਤੇ ਉਨ੍ਹਾਂ ਮਾਪਿਆਂ ਤੋਂ ਆਉਂਦੇ ਹਨ ਜਿਨ੍ਹਾਂ ਕੋਲ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਰਾਹੀਂ ਸਫਲਤਾਪੂਰਵਕ ਬੱਚੇ ਪੈਦਾ ਕਰਨ ਤੋਂ ਬਾਅਦ ਵਾਧੂ ਭਰੂਣ ਹੁੰਦੇ ਹਨ। 30 ਸਾਲ ਪਹਿਲਾਂ ਇਨ ਵਿਟਰੋ ਫਰਟੀਲਾਈਜ਼ੇਸ਼ਨ ਦੀ ਵਰਤੋਂ ਕਰਦੇ ਹੋਏ ਇੱਕ ਅਣਪਛਾਤੇ ਦਾਨੀ ਜੋੜੇ ਨੇ ਭਰੂਣ ਦਾਨ ਕੀਤੇ, ਜੋ 0 ਤੋਂ 200 ਡਿਗਰੀ ਹੇਠਾਂ ਕ੍ਰਾਇਓਪ੍ਰੀਜ਼ਰਵ ਸਨ। ਭਰੂਣਾਂ ਨੂੰ 22 ਅਪ੍ਰੈਲ 1992 ਨੂੰ ਫ੍ਰੀਜ਼ ਕੀਤਾ ਗਿਆ ਸੀ ਅਤੇ 2007 ਤੱਕ ਵੈਸਟ ਕੋਸਟ ਫਰਟੀਲਿਟੀ ਲੈਬ 'ਚ ਕੋਲਡ ਸਟੋਰੇਜ ਵਿੱਚ ਰੱਖਿਆ ਗਿਆ ਸੀ। ਜੋੜੇ ਨੇ ਇਨ੍ਹਾਂ ਨੂੰ ਰਾਸ਼ਟਰੀ ਭਰੂਣ ਦਾਨ ਕੇਂਦਰ (NEDC) ਨੂੰ ਦਾਨ ਕੀਤਾ ਸੀ। 15 ਸਾਲਾਂ ਬਾਅਦ ਲੀਡੀਆ ਅਤੇ ਟਿਮੋਥੀ ਜੰਮੇ ਹੋਏ ਭਰੂਣਾਂ ਤੋਂ ਪੈਦਾ ਹੋਏ।


ਰਿਡਗਵੇ ਦੇ ਪਹਿਲਾਂ ਹੀ 4 ਬੱਚੇ ਹਨ, ਜਿਨ੍ਹਾਂ ਦੀ ਉਮਰ 8, 6, 3 ਅਤੇ 2 ਹਨ। ਰਿਡਗਵੇ ਨੇ ਦਾਨ ਕੀਤੇ ਭਰੂਣਾਂ ਦੀ ਵਰਤੋਂ ਕਰਕੇ ਹੋਰ ਬੱਚੇ ਪੈਦਾ ਕਰਨ ਦਾ ਫ਼ੈਸਲਾ ਕੀਤਾ। ਜਦੋਂ ਉਹ ਡੋਨਰਜ ਦੀ ਭਾਲ ਕਰ ਰਹੇ ਸਨ ਤਾਂ ਜੋੜੇ ਨੇ ਇੱਕ ਵਿਸ਼ੇਸ਼ ਵਿਚਾਰ ਨਾਮ ਦੀ ਕੈਟਾਗਰੀ 'ਚ ਦੇਖਿਆ, ਜਿਸ ਦਾ ਮਤਲਬ ਸੀ ਅਜਿਹਾ ਭਰੂਣ, ਜਿਸ ਲਈ ਇੱਕ ਪ੍ਰਾਪਤਕਰਤਾ ਨੂੰ ਲੱਭਣਾ ਮੁਸ਼ਕਲ ਸੀ। ਰਿਡਗਵੇ ਨੇ ਸੀਐਨਐਨ ਨੂੰ ਦੱਸਿਆ, "ਅਸੀਂ ਉਨ੍ਹਾਂ ਭਰੂਣਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ ਜੋ ਦੁਨੀਆ 'ਚ ਸਭ ਤੋਂ ਲੰਬੇ ਸਮੇਂ ਤੱਕ ਫ੍ਰੀਜ਼ ਕੀਤੇ ਗਏ ਹਨ। ਅਸੀਂ ਸਿਰਫ਼ ਇੱਕ ਭਰੂਣ ਪ੍ਰਾਪਤ ਕਰਨਾ ਚਾਹੁੰਦੇ ਸੀ ਜੋ ਲਏ ਜਾਣ ਦੀ ਉਡੀਕ ਕਰ ਰਿਹਾ ਹੋਵੇ। ਇਸ 'ਚ ਕੁਝ ਖ਼ਾਸ ਹੈ।" ਇੱਕ ਮਾਇਨੇ 'ਚ ਉਹ ਸਾਡੇ ਸਭ ਤੋਂ ਵੱਡੇ ਬੱਚੇ ਹਨ।