ਨਵੀਂ ਦਿੱਲੀ: ਦੁਨੀਆ ਭਰ ’ਚ ਕੋਰੋਨਾ ਵਾਇਰਸ ਵਿਰੁੱਧ ਫ਼ੈਸਲਾਕੁਨ ਜੰਗ ਸ਼ੁਰੂ ਹੋ ਚੁੱਕੀ ਹੈ। ਕਈ ਦੇਸ਼ਾਂ ਵਿੱਚ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਇਸੇ ਲੜੀ ਤਹਿਤ ਇੱਕ ਪ੍ਰਸਿੱਧ ਜਾਦੂਗਰ ਯੂਰੀ ਗੈਲਰ ਨੇ ਵੀ ਵੈਕਸੀਨ ਲਵਾਈ ਹੈ। ਕੋਰੋਨਾ ਵਿਰੁੱਧ ਇਸ ਮੁਹਿੰਮ ’ਚ ਯੂਰੀ ਗੈਲਰ ਨੇ ਆਪਣੇ ਖ਼ਾਸ ਅੰਦਾਜ਼ ’ਚ ਸ਼ਿਰਕਤ ਕੀਤੀ। ਦਰਅਸਲ, ਇਜ਼ਰਾਇਲ ’ਚ ਸ਼ੁਰੂਆਤੀ ਗੇੜ ’ਚ ਬਜ਼ੁਰਗ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਰਹੀ ਹੈ।
ਯੂਰੀ ਗੈਲਰ ਦੇ ਜਦੋਂ ਟੀਕਾ ਲੱਗ ਰਿਹਾ ਸੀ, ਤਦ ਉਸੇ ਵੇਲੇ ਉਨ੍ਹਾਂ ਇੱਕ ਚਮਚਾ ਤੋੜ ਕੇ ਵਿਖਾਇਆ। 75 ਸਾਲਾ ਜਾਦੂਗਰ ਯੂਰੀ ਗੈਲਰ ਦੇ ਜਿਵੇਂ ਹੀ ਸਿਰਿੰਜ ਦੀ ਸੂਈ ਬਾਂਹ ਦੇ ਡੌਲ਼ੇ ’ਚ ਘੁਸੀ, ਤਿਵੇਂ ਹੀ ਯੂਰੀ ਨੇ ਆਪਣੇ ਦੂਜੇ ਹੱਥ ਨਾਲ ਚਮਚਾ ਤੋੜਨ ਦਾ ਆਪਣਾ ਜਾਣਿਆ-ਪਛਾਣਿਆ ਸਟਾਈਲ ਵੀ ਵਿਖਾਇਆ।
ਯੂਰੀ ਨੇ ਕਿਹਾ ਕਿ 60 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਨੂੰ ਛੇਤੀ ਤੋਂ ਛੇਤੀ ਵੈਕਸੀਨ ਲੈ ਲੈਣੀ ਚਾਹੀਦੀ ਹੈ। ਇਹ ਸਭ ਲਈ ਬਹੁਤ ਜ਼ਰੂਰੀ ਹੈ।
ਦਰਅਸਲ, ਇਜ਼ਰਾਇਲ ’ਚ 19 ਦਸੰਬਰ ਨੂੰ ਕੋਵਿਡ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਸੀ। ਇਜ਼ਰਾਇਲ ਨੇ ਆਪਣੀ ਲਗਪਗ 25 ਫ਼ੀਸਦੀ ਆਬਾਦੀ ਨੂੰ ਜਨਵਰੀ ਤੱਕ ਵੈਕਸੀਨ ਦੀ ਪਹਿਲੀ ਤੇ ਬੂਸਟਰ ਡੋਜ਼ ਦੇਣ ਦਾ ਟੀਚਾ ਤੈਅ ਕੀਤਾ ਹੈ।