ਸਹਾਰਨਪੁਰ: ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਮਿਰਗਪੁਰ ਦਾ ਨਾਂ ‘ਇੰਡੀਆ ਬੁੱਕ ਆਫ਼ ਰਿਕਾਰਡ’ ਵਿੱਚ ਦਰਜ ਹੋਇਆ ਹੈ। ਇਸ ਨੂੰ ‘ਪਵਿੱਤਰ ਪਿੰਡ’ ਦਾ ਖ਼ਿਤਾਬ ਦਿੱਤਾ ਗਿਆ ਹੈ। ਪ੍ਰਸਿੱਧ ਕਾਲੀ ਨਦੀ ਦੇ ਕੰਢੇ ਵਸਿਆ ਪਿੰਡ ਮਿਰਗਪੁਰ ਆਪਣੇ ਨਿਵਾਸੀਆਂ ਦੀ ਵਿਸ਼ੇਸ਼ ਰਹਿਣੀ-ਬਹਿਣੀ ਤੇ ਨਪੇ-ਤੁਲੇ ਖਾਣ-ਪੀਣ ਕਾਰਨ ਦੇਸ਼ ਵਿੱਚ ਪ੍ਰਸਿੱਧ ਹੈ। ਲਗਪਗ 10,000 ਦੀ ਆਬਾਦੀ ਵਾਲੇ ਪਿੰਡ ਮਿਰਗਪੁਰ ’ਚ 90 ਫ਼ੀਸਦੀ ਆਬਾਦੀ ਹਿੰਦੂ ਗੁੱਜਰਾਂ ਦੀ ਹੈ।
ਇੱਥੇ ਉਨ੍ਹਾਂ ਦੇ ਨਾਲ-ਨਾਲ ਹੋਰ ਤਬਕਿਆਂ ਦਾ ਵੀ ਕੋਈ ਵਿਅਕਤੀ ਸ਼ਰਾਬ, ਮਾਸ, ਪਿਆਜ਼, ਲੱਸਣ, ਪਾਨ, ਬੀੜੀ-ਸਿਗਰੇਟ, ਹੁੱਕਾ, ਗੁਟਕਾ, ਗਾਂਜਾ, ਅਫ਼ੀਮ ਤੇ ਭੰਗ ਆਦਿ ਜਿਹੇ ਕਿਸੇ ਵੀ ਪਦਾਰਥ ਦੀ ਵਰਤੋਂ ਨਹੀਂ ਕਰਦਾ। ਇੱਥੋਂ ਦੇ 50 ਫ਼ੀ ਸਦੀ ਲੋਕ ਪੜ੍ਹੇ-ਲਿਖੇ ਹਨ। ਦਰਅਸਲ, ਇਹ ਪਿੰਡ ਬਾਬਾ ਫ਼ਕੀਰਾ ਦਾਸ ਨੂੰ ਆਪਣਾ ਗੁਰੂ ਮੰਨਦਾ ਹੈ ਤੇ ਉਨ੍ਹਾਂ ਦੀ ਨਸੀਹਤ ਅਨੁਸਾਰ ਹੀ ਚੱਲਦਾ ਹੈ। ਲਗਪਗ 500 ਵਰ੍ਹੇ ਪਹਿਲਾਂ ਮੁਗ਼ਲ ਸਮਰਾਟ ਅਕਬਰ ਦੇ ਵੱਡੇ ਪੁੱਤਰ ਜਹਾਂਗੀਰ ਦੇ ਕਾਰਜਕਾਲ ਦੌਰਾਨ ਬਾਬਾ ਫ਼ਕੀਰਾ ਦਾਸ ਨੇ ਆਪਣੇ ਚੇਲਿਆਂ ਨੂੰ ਇਸੇ ਸ਼ਰਤ ਉੱਤੇ ਰਿਹਾਅ ਕਰਵਾਇਆ ਸੀ ਕਿ ਉਹ ਕਦੇ ਵੀ ਤਮਾਕੂ ਤੇ ਮਾਸ ਦਾ ਸੇਵਨ ਨਹੀਂ ਕਰਨਗੇ; ਤਦ ਪੂਰੇ ਪਿੰਡ ਨੇ ਸ਼ਰਧਾ ਨਾਲ ਬਾਬੇ ਦੀ ਗੱਲ ਪ੍ਰਵਾਨ ਕਰ ਕੇ ਸੰਕਲਪ ਲਿਆ ਸੀ ਤੇ ਉਸੇ ਸੰਕਲਪ ਦੀ ਪਾਲਣਾ ਅੱਜ ਵੀ ਕੀਤੀ ਜਾਂਦੀ ਹੈ।
ਖਾਣ-ਪੀਣ ਦੀਆਂ ਵਧੀਆ ਆਦਤਾਂ ਕਾਰਨ ਪਿੰਡ ਮਿਰਗਪੁਰ ਦੇ ਨਿਵਾਸੀਆਂ ਦਾ ਕੱਦ ਲੰਮਾ ਪਤਲਾ ਤੇ ਰੰਗ ਗੋਰਾ ਹੈ ਤੇ ਉਹ ਸਵੈਮਾਣ ਨਾਲ ਭਰਪੂਰ ਹਨ। ਇਸ ਇਲਾਕੇ ਵਿੱਚ ਉਨ੍ਹਾਂ ਦਾ ਪੂਰਾ ਦਬਦਬਾ ਵੀ ਕਾਇਮ ਹੈ। ਸਿਆਸੀ ਆਗੂ ਰਾਜੇਸ਼ ਪਾਇਲਟ ਦੀ ਕੋਸ਼ਿਸ਼ਾਂ ਸਦਕਾ ਇਸ ਪਿੰਡ ਲਾਗਿਓਂ ਲੰਘਦੀ ਕਾਲੀ ਨਦੀ ਉੱਤੇ ਪੁਲ ਬਣਿਆ ਹੋਇਆ ਹੈ; ਇਸੇ ਲਈ ਪਾਇਲਟ ਦਾ ਬੁੱਤ ਇਸ ਪਿੰਡ ਦੇ ਪ੍ਰਵੇਸ਼ ਦੁਆਰ ਉੱਤੇ ਹੀ ਲੱਗਾ ਹੋਇਆ ਹੈ। ਪਿੰਡ ਵਿੱਚ ਗੰਨੇ ਦੀ ਭਰਪੂਰ ਫ਼ਸਲ ਹੁੰਦੀ ਹੈ। ਪਿੰਡ ਦੇ ਸਾਬਕਾ ਸਰਪੰਚ ਚੌਧਰੀ ਸਫ਼ੂਰਾ ਸਿੰਘ ਅਨੁਸਾਰ ਜਹਾਂਗੀਰ ਦੇ ਸ਼ਾਸਨ ਕਾਲ ਵੇਲੇ ਪਿੰਡ ਦੇ ਲੋਕ ਮੁਸਲਿਮ ਹਮਲਾਵਰਾਂ ਦੇ ਜ਼ੁਲਮਾਂ ਤੋਂ ਡਾਢੇ ਦੁਖੀ ਸਨ।
ਤਦ ਉਨ੍ਹਾਂ ਦੇ ਪਿੰਡ ’ਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਘਰਾਂਚੋ ਇਲਾਕੇ ਤੋਂ ਘੁੰਮਦੇ-ਫਿਰਦੇ ਸਿੱਧ ਪੁਰਖ ਬਾਬਾ ਫ਼ਕੀਰਾ ਦਾਸ ਪੁੱਜੇ, ਜਿਨ੍ਹਾਂ ਇੱਥੇ 15 ਦਿਨਾਂ ਲਈ ਆਪਣਾ ਡੇਰਾ ਲਾਇਆ। ਉਨ੍ਹਾਂ ਦੀ ‘ਚਮਤਕਾਰੀ ਸ਼ਖ਼ਸੀਅਤ’ ਤੋਂ ਪਿੰਡ ਵਾਸੀ ਡਾਢੇ ਪ੍ਰਭਾਵਿਤ ਹੋਏ। ਉਸ ਬਾਬੇ ਨੇ ਉਪਦੇਸ਼ਾਤਮਕ ਸਲਾਹ ਦਿੱਤੀ ਸੀ ਕਿ ਪਿੰਡ ਦੇ ਲੋਕ ਜੇ ਨਸ਼ੇ ਤੇ ਮਾਸ ਖਾਣ ਦਾ ਤਿਆਗ ਕਰ ਦੇਣ, ਤਾਂ ਉਨ੍ਹਾਂ ਦਾ ਪਿੰਡ ਸੁਖੀ ਤੇ ਖ਼ੁਸ਼ਹਾਲ ਹੋ ਜਾਵੇਗਾ। ਕਾਲੀ ਨਦੀ ਲਾਗਲੇ ਮਿੱਟੀ ਦੇ ਟੀਲੇ ਉੱਤੇ ਬਾਬਾ ਫ਼ਕੀਰਾ ਦਾਸ ਦੀ ਮੂਰਤੀ ਵੀ ਸਥਾਪਤ ਕੀਤੀ ਗਈ ਹੈ।