ਦਿੱਲੀ ਦੇ YouTuber ਨੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਆਪਣੇ ਹੀ ਕੁੱਤੇ ਨਾਲ ਮਜ਼ਾਕ ਕਰਨਾ ਉਸ ਨੂੰ ਮਹਿੰਗਾ ਪੈ ਜਾਵੇਗਾ ਅਤੇ ਉਸ ਦੇ ਗ੍ਰਿਫ਼ਤਾਰ ਹੋਣ ਦੀ ਨੌਬਤ ਆ ਜਾਵੇਗੀ। ਗੌਰਵ ਸ਼ਰਮਾ ਨਾਂਅ ਦੇ ਯੂਟਿਊਬਰ ਨੂੰ ਪੁਲਿਸ ਨੇ ਜਾਨਵਰਾਂ ਨਾਲ ਬੁਰਾ ਸਲੂਕ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਕੀ ਹੈ ਪੂਰਾ ਮਾਮਲਾ
21 ਮਈ ਨੂੰ ਯੂਟਿਊਬ ਉੱਪਰ ਗੌਰਵ ਸ਼ਰਮਾ ਨੇ ਆਪਣੇ ਪਾਲਤੂ ਕੁੱਤੇ ਨਾਲ ਵੀਡੀਓ ਬਣਾਈ। ਵੀਡੀਓ ਵਿੱਚ ਉਹ ਆਫਣੇ ਕੁੱਤੇ ਨੂੰ ਗੈਸੀ ਗੁਬਾਰਿਆਂ ਨਾਲ ਹਵਾ ਵਿੱਚ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕਾਂ ਨੇ ਉਸ ਦੀ ਕਾਫੀ ਅਲੋਚਨਾ ਕੀਤੀ। ਪੀਪਲ ਫਾਰ ਐਨੀਮਲ ਨਾਂਅ ਦੀ ਸੰਸਥਾ ਨੇ ਸ਼ਿਕਾਇਤ ਕੀਤੀ ਤਾਂ ਮਾਲਵੀਆ ਨਗਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ।
ਕੀ ਕਾਰਵਾਈ ਹੋਈ
ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਅਤੁਲ ਠਾਕੁਰ ਨੇ ਦੱਸਿਆ ਕਿ ਗੌਰਵ ਨੂੰ ਜਾਨਵਰਾਂ ਨਾਲ ਬੁਰਾ ਵਤੀਰਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ, ਕਿਉਂਕਿ ਉਸ ਨੇ ਆਪਣੇ ਕੁੱਤੇ ਦੀ ਜਾਨ ਜ਼ੋਖ਼ਮ ਵਿੱਚ ਪਾਈ। ਉੱਧਰ, ਗੌਰਵ ਨੇ ਆਪਣੀ ਪੁਰਾਣੀ ਵੀਡੀਓ ਡਿਲੀਟ ਕਰ ਦਿੱਤੀ ਹੈ ਅਤੇ ਪੁਰਾਣੇ ਵੀਡੀਓ ਲਈ ਮੁਆਫੀ ਮੰਗਦਿਆਂ ਨਵੀਂ ਵੀਡੀਓ ਬਣਾਈ ਹੈ।
ਗੌਰਵ ਨੇ ਮੰਗੀ ਮੁਆਫੀ
ਵੀਡੀਓ ਹਟਾਉਣ ਮਗਰੋਂ ਗੌਰਵ ਨੇ ਮੁਆਫੀ ਵਾਲਾ ਵੀਡੀਓ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੇ ਆਪਣੇ ਕੁੱਤੇ ਦੀ ਸੁਰੱਖਿਆ ਲਈ ਹਰ ਸਾਵਧਾਨੀ ਵਰਤੀ ਪਰ ਵੀਡੀਓ ਲੰਮਾ ਨਾ ਹੋਵੇ ਇਸ ਲਈ ਉਹ ਸਭ ਦਿਖਾ ਨਹੀਂ ਸਕਿਆ। ਉਸ ਨੇ ਕੁੱਤੇ ਨਾਲ ਪੁਰਾਣੀ ਵੀਡੀਓ ਦਿਖਾਉਂਦਿਆਂ ਇਹ ਵੀ ਕਿਹਾ ਕਿ ਉਹ ਇੱਕ ਪਸ਼ੂ ਪ੍ਰੇਮੀ ਹੈ ਅਤੇ ਕੁਝ ਵਿਦੇਸ਼ੀ ਵੀਡੀਓ ਦੇਖ ਕੇ ਉਹ ਅਜਿਹਾ ਕਰਨ ਲਈ ਪ੍ਰਭਾਵਿਤ ਹੋਇਆ ਸੀ। ਉਸ ਨੇ ਕਿਹਾ, “ਮੈਂ ਮੁਆਫੀ ਮੰਗਦਾ ਹਾਂ ਅਤੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਸ ਦੇ ਵੀਡੀਓ ਤੋਂ ਪ੍ਰਭਾਵਿਤ ਨਾ ਹੋਵੋ।”
ਗੌਰਵ ਸ਼ਰਮਾ ਦੀ ਹੋ ਰਹੀ ਅਲੋਚਨਾ
32 ਸਾਲ ਦਾ ਇਹ ਯੂਟਿਊਬਰ ਗੌਰਵ ਜ਼ੋਨ ਦੇ ਨਾਂਅ ਤੋਂ ਆਪਣਾ ਯੂਟਿਊਬ ਚੈਨਲ ਚਲਾਉਂਦਾ ਹੈ। ਉਸ ਨੂੰ ਕਾਫੀ ਲੋਕ ਪਸੰਦ ਵੀ ਕਰਦੇ ਹਨ ਇਸ ਲਈ ਉਸ ਦੇ 4.15 ਮਿਲੀਅਨ ਸਬਸਕ੍ਰਾਈਬਰ ਵੀ ਹਨ। ਲੋਕਾਂ ਨੇ ਜਦ ਉਸ ਦੀ ਮੁਆਫੀ ਵਾਲਾ ਵੀਡੀਓ ਦੇਖਿਆ ਤਾਂ ਹੋਰ ਅਲੋਚਨਾ ਕੀਤੀ ਤੇ ਕਿਹਾ ਕਿ ਉਸ ਨੂੰ ਦਿਖਾਉਣਾ ਚਾਹੀਦਾ ਸੀ ਕਿ ਉਸ ਨੇ ਕਿਹੜੀ ਕਿਹੜੀ ਸਾਵਧਾਨੀ ਵਰਤੀ। ਇੱਕ ਹੋਰ ਯੂਜ਼ਰ ਨੇ ਹੋਰਾਂ ਨੂੰ ਚੈਨਲ ਹੀ ਅਨਸਬਸਕ੍ਰਾਈਬ ਕਰਨ ਦੀ ਗੱਲ ਕਹਿ ਦਿੱਤੀ।